ਨਵੀਂ ਦਿੱਲੀ, 26 ਜੂਨ
ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਾਮੰਨਾ ਨੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਪੱਤਰ ਲਿਖ ਕੇ ਦਿਹਾਤੀ ਤੇ ਦੂਰ-ਦੁਰੇਡੇ ਦੇ ਖੇਤਰਾਂ ਵਿਚ ਡਿਜੀਟਲ ਪਹੁੰਚ ਵਧਾਉਣ ਲਈ ਕਦਮ ਚੁੱਕਣ ਵਾਸਤੇ ਕਿਹਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਮਾੜੇ ਡਿਜੀਟਲ ਕੁਨੈਕਟ ਕਾਰਨ ਦਿਹਾਤੀ, ਆਦਿਵਾਸੀ ਤੇ ਪਹਾੜੀ ਇਲਾਕਿਆਂ ਵਿਚ ‘ਨਿਆਂ ਦੇਣ ਵਿਚ ਮੁਸ਼ਕਲ ਆ ਰਹੀ ਹੈ।’ ਚੀਫ਼ ਜਸਟਿਸ ਨੇ ਡਿਜੀਟਲ ਪੱਖ ਤੋਂ ਆਏ ਬਦਲਾਅ ਦਾ ਹਵਾਲਾ ਦਿੰਦਿਆਂ ਕਿਹਾ ਕਿ ‘ਵਕੀਲਾਂ ਦੀ ਇਕ ਪੂਰੀ ਪੀੜ੍ਹੀ ਨੂੰ ਢਾਂਚੇ ਤੋਂ ਬਾਹਰ ਧੱਕਿਆ ਜਾ ਰਿਹਾ ਹੈ’, ਇਸ ਦਾ ਕਾਰਨ ਤਕਨੀਕੀ ਨਾ-ਬਰਾਬਰੀ ਹੈ। ਜਸਟਿਸ ਰਾਮੰਨਾ ਸੁਪਰੀਮ ਕੋਰਟ ਦੇ ਸਾਬਕਾ ਜੱਜ ਆਰ.ਵੀ. ਰਵੀਂਦਰਨ ਦੀ ਇਕ ਕਿਤਾਬ ਦੇ ਵਰਚੁਅਲ ਰਿਲੀਜ਼ ਸਮਾਗਮ ਦੌਰਾਨ ਆਪਣੇ ਵਿਚਾਰ ਰੱਖ ਰਹੇ ਸਨ। ਚੀਫ਼ ਜਸਟਿਸ ਨੇ ਕਿਹਾ ਕਿ ਹਾਈ ਕੋਰਟ ਦੇ ਜੱਜਾਂ ਦੀ ਦੋ ਰੋਜ਼ਾ ਕਾਨਫਰੰਸ ਦੌਰਾਨ ਵੀ ਸੰਪਰਕ ਦਾ ਮੁੱਦਾ ਉੱਭਰਿਆ ਸੀ। -ਪੀਟੀਆਈ