ਨਵੀਂ ਦਿੱਲੀ, 9 ਅਗਸਤ
ਕੇਂਦਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਕੋਵਿਡ-19 ਡਿਊਟੀਆਂ ਵਿੱਚ ਲੱਗੇ ਸਿਹਤ ਕਾਮਿਆਂ ਲਈ 50 ਲੱਖ ਰੁਪਏ ਦੀ ਬੀਮਾ ਯੋਜਨਾ ਤਹਿਤ ਦਾਅਵਿਆਂ ਦਾ ਨਬਿੇੜਾ ਛੇਤੀ ਕਰਨ ਕਿਊਂਕਿ ਇਹ ਸਕੀਮ ਸਤੰਬਰ ਤੱਕ ਉਪਲਬਧ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਸਬੰਧੀ ਪੱਤਰ ਭੇਜਿਆ ਹੈ ਜਿਸ ਵਿਚ ਊਨ੍ਹਾਂ ਕਿਹਾ ਹੈ ਕਿ ਸਿਹਤ ਕਾਮਿਆਂ ਤੇ ਮੈਡੀਕਲ ਸਟਾਫ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਨੇ ਮਹਾਮਾਰੀ ਰੋਗ (ਸੋਧ) ਆਰਡੀਨੈਂਸ, 2020 ਅਧੀਨ ਸਿਹਤ ਕਾਮਿਆਂ ਵਿਰੁੱਧ ਹਿੰਸਾ ਵਿੱਚ ਸ਼ਾਮਲ ਕਥਿਤ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ: ਕੋਵਿਡ 19 ਨਾਲ ਲੜ ਰਹੇ ਸਿਹਤ ਕਰਮਚਾਰੀਆਂ ਨੂੰ 50 ਲੱਖ ਰੁਪਏ ਦਾ ਬੀਮਾ ਕਵਰ ਦਿੰਦਾ ਹੈ। ਭੂਸ਼ਣ ਨੇ ਰਾਜਾਂ ਦੇ ਵਧੀਕ ਮੁੱਖ ਸਕੱਤਰਾਂ ਅਤੇ ਸਿਹਤ ਸਕੱਤਰਾਂ ਨੂੰ ਲਿਖਿਆ ਹੈ ਕਿਉਂਕਿ ਇਹ ਬੀਮਾ ਕਵਰੇਜ ਸਤੰਬਰ 2020 ਤੱਕ ਉਪਲਬਧ ਹੈ, ਇਸ ਲਈ ਸਾਰੇ ਰਾਜ ਅਜਿਹੇ ਦਾਅਵਿਆਂ ਦੀ ਪ੍ਰਕਿਰਿਆ ਜਲਦੀ ਪੂਰੀ ਕਰਨ। -ਪੀਟੀਆਈ