ਨਵੀਂ ਦਿੱਲੀ: ਭਾਰਤੀ ਬਾਰ ਕੌਂਸਲ ਨੇ ਅੱਜ ਕਿਹਾ ਕਿ ਦੇਸ਼ ਤੇ ਬਾਰ ਨੂੰ ਸੁਪਰੀਮ ਕੋਰਟ ਦੇ ਜੱਜ ਜਸਟਿਸ ਡੀ.ਵਾਈ. ਚੰਦਰਚੂੜ ’ਤੇ ਪੂਰਾ ਭਰੋਸਾ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਅਗਲੇ ਚੀਫ਼ ਜਸਟਿਸ ਬਣਨ ਲਈ ਜਸਟਿਸ ਚੰਦਰਚੂੜ ਕਤਾਰ ’ਚ ਸਭ ਤੋਂ ਅੱਗੇ ਹਨ ਤੇ ਸਿਖ਼ਰਲੀ ਅਦਾਲਤ ਵਿਚ ਉਹ ਮੌਜੂਦਾ ਚੀਫ਼ ਜਸਟਿਸ ਯੂਯੂ ਲਲਿਤ ਤੋਂ ਬਾਅਦ ਸਭ ਤੋਂ ਸੀਨੀਅਰ ਜੱਜ ਹਨ। ਹਾਲ ਹੀ ਵਿਚ ਜਸਟਿਸ ਚੰਦਰਚੂੜ ’ਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਲੱਗੇ ਸਨ। ਬਾਰ ਕੌਂਸਲ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ‘ਇਹ ਭਾਰਤੀ ਨਿਆਂਪਾਲਿਕਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।’ ਜਸਟਿਸ ਚੰਦਰਚੂੜ ਵਿਰੁੱਧ ਸ਼ਿਕਾਇਤ ‘ਸੁਪਰੀਮ ਕੋਰਟ ਐਂਡ ਹਾਈ ਕੋਰਟ ਲਿਟੀਗੈਂਟ ਐਸੋਸੀਏਸ਼ਨ’ ਨੇ ਰਾਸ਼ਟਰਪਤੀ ਅਤੇ ਹੋਰਾਂ ਨੂੰ ਦਿੱਤੀ ਹੈ। ਆਰਕੇ ਪਠਾਣ ਇਸ ਜਥੇਬੰਦੀ ਦੇ ਮੁਖੀ ਹੋਣ ਦਾ ਦਾਅਵਾ ਕਰਦੇ ਹਨ। ਬਾਰ ਕੌਂਸਲ ਨੇ ਇਸ ਐਸੋਸੀਏਸ਼ਨ ਦੇ ਦਾਅਵਿਆਂ ਦੀ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਜਸਟਿਸ ਲਲਿਤ 8 ਨਵੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ ਤੇ ਉਨ੍ਹਾਂ ਤੋਂ ਬਾਅਦ ਜਸਟਿਸ ਚੰਦਰਚੂੜ ਅਹੁਦਾ ਸੰਭਾਲ ਸਕਦੇ ਹਨ। ਬਾਰ ਕੌਂਸਲ ਨੇ ਕਿਹਾ, ‘ਕੁਝ ਲੋਕਾਂ ਨੇ ਨਿੱਜੀ ਹਿੱਤਾਂ ਖਾਤਰ ਸੁਪਰੀਮ ਕੋਰਟ ਤੇ ਇਸ ਦੇ ਜੱਜਾਂ ਦੀ ਸਾਖ਼ ਖ਼ਰਾਬ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਹੈ। ਇਹ ਰੁਝਾਨ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਇਸ ਨੂੰ ਘੋਖਣ ਦੀ ਲੋੜ ਹੈ।’ ਬਾਰ ਨੇ ਕਿਹਾ ਕਿ ਆਰਕੇ ਪਠਾਣ ਦੀ ਇਕ ਪੋਸਟ ਤੇ ਪੱਤਰ ਕੁਝ ਲੋਕਾਂ ਨੇ ਜਸਟਿਸ ਚੰਦਰਚੂੜ ਦੀ ਚੀਫ਼ ਜਸਟਿਸ ਵਜੋਂ ਨਿਯੁਕਤੀ ਤੋਂ ਬਿਲਕੁਲ ਪਹਿਲਾਂ ਵਾਇਰਲ ਕੀਤਾ ਹੈ। ਬਾਰ ਕੌਂਸਲ ਨੇ ਆਪਣੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਰਾਹੀਂ ਕਿਹਾ ਕਿ ਉਨ੍ਹਾਂ 165 ਸਫ਼ਿਆਂ ਦੇ ਪੱਤਰ ਨੂੰ ਘੋਖਿਆ ਹੈ ਤੇ ਇਹ ਨਿਆਂਪਾਲਿਕਾ ਦੇ ਕੰਮਕਾਜ ਤੇ ਪ੍ਰਸ਼ਾਸਕੀ ਢਾਂਚੇ ਵਿਚ ਦਖ਼ਲ ਦਾ ਮਾੜੀ ਭਾਵਨਾ ਨਾਲ ਕੀਤਾ ਗਿਆ ਯਤਨ ਹੈ। -ਪੀਟੀਆਈ