ਕੋਲਕਾਤਾ: ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਖ਼ਿਲਾਫ਼ ਮਹਿਲਾ ਕਰਮਚਾਰੀ ਵੱਲੋਂ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਪੁਲੀਸ ਨੇ ਇੱਕ ਟੀਮ ਬਣਾ ਦਿੱਤੀ ਹੈ। ਇਹ ਜਾਣਕਾਰੀ ਸੀਨੀਅਰ ਪੁਲੀਸ ਅਧਿਕਾਰੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜਾਂਚ ਟੀਮ ਇਸ ਘਟਨਾ ਦੇ ਗਵਾਹਾਂ ਤੋਂ ਪੁੱਛ ਪੜਤਾਲ ਕਰੇਗੀ। ਉਨ੍ਹਾਂ ਰਾਜ ਭਵਨ ਤੋਂ ਸੀਸੀਟੀਵੀ ਫੁਟੇਜ ਦੀ ਮੰਗ ਵੀ ਕੀਤੀ ਹੈ। ਸੰਵਿਧਾਨ ਦੇ ਅਰਟੀਕਲ 361 ਤਹਿਤ ਕਿਸੇ ਵੀ ਰਾਜਪਾਲ ਖ਼ਿਲਾਫ਼ ਉਸ ਦੇ ਕਾਰਜਕਾਲ ਦੌਰਾਨ ਕੋਈ ਅਪਰਾਧਿਕ ਕਾਰਵਾਈ ਸ਼ੁਰੂ ਨਹੀਂ ਕੀਤੀ ਜਾ ਸਕਦੀ। ਅਧਿਕਾਰੀ ਨੇ ਕਿਹਾ, ‘ਅਸੀਂ ਇੱਕ ਜਾਂਚ ਟੀਮ ਬਣਾਈ ਹੈ ਜੋ ਇਸ ਮਾਮਲੇ ’ਚ ਅਗਲੇ ਕੁਝ ਦਿਨਾਂ ’ਚ ਕੁਝ ਸੰਭਾਵੀ ਗਵਾਹਾਂ ਨਾਲ ਗੱਲ ਕਰੇਗੀ। ਅਸੀਂ ਰਾਜ ਭਵਨ ਨੂੰ ਸੀਸੀਟੀਵੀ ਫੁਟੇਟ ਮੁਹੱਈਆ ਹੋਣ ’ਤੇ ਉਹ ਸਾਂਝੀ ਕਰਨ ਦੀ ਮੰਗ ਵੀ ਕੀਤੀ ਹੈ।’ -ਪੀਟੀਆਈ