ਨਵੀਂ ਦਿੱਲੀ, 13 ਜਨਵਰੀ
ਅੱਜ ਜਾਰੀ ਹੋਈ ਇੰਡੀਆ ਸਟੇਟ ਆਫ਼ ਫਾਰੈਸਟ ਰਿਪੋਰਟ (ਆਈਐੱਸਐੱਫਆਰ) 2021 ਮੁਤਾਬਕ ਭਾਰਤ ਵਿਚ ਪਿਛਲੇ ਦੋ ਸਾਲਾਂ ’ਚ ਜੰਗਲਾਤ ਅਤੇ ਰੁੱਖਾਂ ਹੇਠ ਰਕਬਾ 2,261 ਵਰਗ ਕਿਲੋਮੀਟਰ ਵਧਿਆ ਹੈ। ਰਿਪੋਰਟ ਮੁਤਾਬਕ ਜੰਗਲਾਤ ਹੇਠ ਸਭ ਤੋਂ ਜ਼ਿਆਦਾ ਰਕਬਾ 647 ਵਰਗ ਕਿਲੋਮੀਟਰ ਆਂਧਰਾ ਪ੍ਰਦੇਸ਼ ਵਿਚ ਵਧਿਆ ਹੈ। ਭਾਰਤੀ ਜੰਗਲਾਤ ਸਰਵੇਖਣ (ਐੱਫਐੱਸਆਈ) ਵੱਲੋਂ ਦੋ ਸਾਲਾਂ ਦੀ ਜਾਰੀ ਇਸ ਰਿਪੋਰਟ ਵਿਚ ਦੇਸ਼ ਦੇ ਜੰਗਲਾਤ ਸਬੰਧੀ ਸਰੋਤਾਂ ਦਾ ਮੁਲਾਂਕਣ ਕੀਤਾ ਗਿਆ ਹੈ। ਇਹ ਰਿਪੋਰਟ ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਜਾਰੀ ਕੀਤੀ।
ਉਨ੍ਹਾਂ ਦੱਸਿਆ ਕਿ 2019 ਦੀ ਰਿਪੋਰਟ ਦੇ ਮੁਕਾਬਲੇ ਰੁੱਖਾਂ ਅਤੇ ਜੰਗਲਾਤ ਹੇਠ ਦੇਸ਼ ਦੇ ਕੁੱਲ ਰਕਬੇ ਵਿੱਚੋਂ ਜੰਗਲਾਤ ਅਧੀਨ ਖੇਤਰ ਵਿਚ 1540 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ ਅਤੇ ਰੁੱਖਾਂ ਹੇਠ ਰਕਬੇ ਵਿੱਚ 721 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, ‘‘ਇਹ ਜਾਣ ਕੇ ਬੜੀ ਸੰਤੁਸ਼ਟੀ ਹੋਈ ਕਿ ਭਾਰਤ ਵਿਚ ਰੁੱਖਾਂ ਅਤੇ ਜੰਗਲਾਤ ਹੇਠ ਰਕਬਾ ਵਧਿਆ ਹੈ।’’ ਮੰਤਰੀ ਨੇ ਕਿਹਾ, ‘‘ਅਸੀਂ ਹਰਿਆਵਲ ਮਿਸ਼ਨ ਦੇ ਦੂਜੇ ਗੇੜ ਵਿਚ ਦਾਖ਼ਲ ਹੋ ਰਹੇ ਹਨ। ਮੰਤਰਾਲੇ ਨੇ ਜੰਗਲਾਂ ਨੂੰ ਬਚਾਉਣ ਅਤੇ ਇਸ ਕੰਮ ਵਿਚ ਲੋਕਾਂ ਦੀ ਸ਼ਮੂਲੀਅਤ ਵਧਾਉਣ ਲਈ ਵੱਖ-ਵੱਖ ਫ਼ੈਸਲੇ ਲਏ ਹਨ।’’ -ਪੀਟੀਆਈ