ਬਿਲਾਸਪੁਰ, 17 ਅਗਸਤ
ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਡੈਮ ਤੋਂ ਪਾਣੀ ਛੱਡੇ ਜਾਣ ਕਰਕੇ ਤੇਜ਼ ਵਹਾਅ ਦੀ ਲਪੇਟ ਵਿੱਚ ਆਇਆ ਇਕ ਵਿਅਕਤੀ 12 ਘੰਟੇ ਉਥੇ ਫਸਿਆ ਰਿਹਾ। ਮਗਰੋਂ ਹਵਾਈ ਫੌਜ ਦੇ ਹੈਲੀਕਾਪਟਰ ਦੀ ਮਦਦ ਨਾਲ ਉਸ ਨੂੰ ਬਾਹਰ ਕੱਢਿਆ ਗਿਆ। ਬਿਲਾਸਪੁਰ ਜ਼ਿਲ੍ਹੇ ਦੇ ਐੱਸਪੀ ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਜਤਿੰਦਰ ਕਸ਼ਯਪ (43) ਨਾਂ ਦਾ ਸ਼ਖ਼ਸ ਨੇ ਐਤਵਾਰ ਸ਼ਾਮ ਨੂੰ ਖੁੰਟਾਘਾਟ ਡੈਮ ਤੋਂ ਵੱਧ ਪਾਣੀ ਛੱਡਣ ਲਈ ਬਣਾਈ ਥਾਂ ’ਤੇ ਛਾਲ ਮਾਰ ਦਿੱਤੀ ਸੀ। ਇਸ ਦੌਰਾਨ ਉਹ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ। ਕਸ਼ਯਪ ਨੇ ਕਿਸੇ ਤਰ੍ਹਾਂ ਪੱਥਰਾਂ ਤੇ ਰੁੱਖਾਂ ਨੂੰ ਫੜ ਕੇ ਆਪਣੀ ਜਾਨ ਬਚਾਈ। ਉਹ ਉਥੇ 12 ਘੰਟਿਆਂ ਤਕ ਫਸਿਆ ਰਿਹਾ। ਕਸ਼ਯਪ ਦੀ ਮਦਦ ਲਈ ਐੱਸਡੀਆਰਐਫ਼, ਐੱਸਈਸੀਐੱਲ ਤੇ ਐੱਨਟੀਪੀਸੀ ਦੀਆਂ ਟੀਮਾਂ ਪੁੱਜੀਆਂ, ਪਰ ਜਦੋਂ ਖਰਾਬ ਮੌਸਮ ਕਰਕੇ ਉਨ੍ਹਾਂ ਦੀ ਵਾਹ ਨਾ ਚੱਲੀ ਤਾਂ ਹਵਾਈ ਸੈਨਾ ਦੀ ਮਦਦ ਲੈਣ ਦਾ ਫੈਸਲਾ ਕੀਤਾ ਗਿਆ। ਅਗਰਵਾਲ ਨੇ ਦੱਸਿਆ ਕਿ ਹਵਾਈ ਸੈਨਾ ਦੇ ਐੱਮਆਈ-17 ਹੈਲੀਕਾਪਟਰ ਨੇ ਅੱਜ ਸਵੇਰੇ 5:49ਵਜੇ ਰਾਏਪੁਰ ਤੋਂ ਉਡਾਣ ਭਰੀ ਤੇ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਰੱਸੀ ਦੀ ਮਦਦ ਨਾਲ ਇਸ ਵਿਅਕਤੀ ਨੂੰ ਉਥੋਂ ਬਾਹਰ ਕੱਢ ਲਿਆ। ਕਸ਼ਯਪ ਨੂੰ ਰਾਏਪੁਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ।