ਧਰਮਸ਼ਾਲਾ, 6 ਜੁਲਾਈ
ਤਿੱਬਤ ਦੇ ਰੂਹਾਨੀ ਆਗੂ ਦਲਾਈ ਲਾਮਾ ਅੱਜ 86 ਸਾਲਾਂ ਦੇ ਹੋ ਗਏ। ਦਲਾਈ ਲਾਮਾ ਨੇ ਕਿਹਾ ਕਿ ਉਨ੍ਹਾਂ ਭਾਰਤ ਦੀ ਆਜ਼ਾਦੀ ਤੇ ਧਾਰਮਿਕ ਸਦਭਾਵਨਾ ਦਾ ਪੂਰਾ ਲਾਹਾ ਲਿਆ ਤੇ ਉਹ ਇਸ ਮੁਲਕ ਦੇ ਪੁਰਾਤਨ ਗਿਆਨ ਦੀ ਪੁਨਰ ਸੁਰਜੀਤੀ ਲਈ ਵਚਨਬੱਧ ਹਨ। ਇਥੇ ਆਪਣੀ ਰਿਹਾਇਸ਼ ਤੋਂ ਵਰਚੁਅਲ ਸੰਬੋਧਨ ਦੌਰਾਨ ਦਲਾਈ ਲਾਮਾ ਨੇ ਜਨਮ ਦਿਨ ਲਈ ਸ਼ੁਭ ਕਾਮਨਾਵਾਂ ਦੇਣ ਵਾਲੇ ਕੁੱਲ ਆਲਮ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਮਨੁੱਖਤਾ ਦੀ ਸੇਵਾ ਕਰਦੇ ਰਹਿਣਗੇ ਅਤੇ ਵਾਤਾਵਰਨ ਤਬਦੀਲੀ ਖਿਲਾਫ਼ ਲੜਾਈ ਨੂੰ ਜਾਰੀ ਰੱਖਣਗੇ। ਦਲਾਈ ਲਾਮਾ ਜਿਨ੍ਹਾਂ ਦਾ ਅਸਲ ਨਾਮ ਤੇਨਜ਼ਿਨ ਗਿਯਾਤਸੋ ਹੈ, ਨੇ ਕਿਹਾ, ‘‘ਜਦੋਂ ਦਾ ਮੈਂ ਇਕ ਸ਼ਰਨਾਰਥੀ ਵਜੋਂ ਭਾਰਤ ਵਿੱਚ ਆਇਆ ਹਾਂ, ਮੈਂ ਭਾਰਤ ਦੀ ਆਜ਼ਾਦੀ ਤੇ ਧਾਰਮਿਕ ਸਦਭਾਵਨਾ ਦਾ ਮੁਕੰਮਲ ਲਾਹਾ ਲਿਆ ਹੈ। ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਆਪਣੀ ਬਾਕੀ ਬਚਦੀ ਜ਼ਿੰਦਗੀ ਦੌਰਾਨ ਭਾਰਤ ਦੇ ਪੁਰਾਤਨ ਗਿਆਨ ਦੀ ਸੁਰਜੀਤੀ ਲਈ ਵਚਨਬੱਧ ਰਹਾਂਗਾ।’ ਉਨ੍ਹਾਂ ਕਿਹਾ, ‘ਮੈਂ ਭਾਰਤ ਦੇ ਧਰਮ-ਨਿਰਪੱਖ ਮੁੱਲਾਂ, ਜਿਵੇਂ ਇਮਾਨਦਾਰੀ, ਕਰੁਣਾ ਤੇ ਅਹਿੰਸਾ, ਨਾਲ ਜੁੜੇ ਸੰਕਲਪ ਦੀ ਸੱਚਮੁੱਚ ਸ਼ਲਾਘਾ ਕਰਦਾ ਹਾਂ।’ -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਜਨਮ ਦਿਨ ਦੀ ਵਧਾਈ
ਨਵੀਂ ਦਿੱਲੀ: ਤਿੱਬਤੀ ਆਗੂ ਦਲਾਮੀ ਲਾਮਾ ਨੂੰ 86ਵੇਂ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਲਿਆਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਸਨ। ਸ੍ਰੀ ਮੋਦੀ ਨੇ ਫੋਨ ਕਰਕੇ ਦਲਾਈ ਲਾਮਾ ਨੂੰ ਵਧਾਈ ਦਿੱਤੀ। ਉਨ੍ਹਾਂ ਰੂਹਾਨੀ ਆਗੂ ਦੀ ਲੰਮੀ ਉਮਰ ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ। -ਪੀਟੀਆਈ