ਹਨੂੰਮਾਨਗੜ੍ਹ, 12 ਮਈ
ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਨੋਹਾਰ ਕਸਬੇ ’ਚ ਉਸ ਵੇਲੇ ਫਿਰਕੂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਦੇ ਆਗੂ ਸਤਵੀਰ ਸਹਾਰਨ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ।
ਅਧਿਕਾਰੀਆਂ ਨੇ ਕਿਹਾ ਕਿ ਅਫ਼ਵਾਹਾਂ ਫੈਲਣ ਤੋਂ ਰੋਕਣ ਲਈ ਹਨੂੰਮਾਨਗੜ੍ਹ ਦੇ ਨੋਹਾਰ, ਭਦਰਾ ਅਤੇ ਰਾਵਤਸਰ ਨਗਰਾਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਸਹਾਰਨ ’ਤੇ ਬੁੱਧਵਾਰ ਸ਼ਾਮ ਉਸ ਵੇਲੇ ਹਮਲਾ ਹੋਇਆ ਸੀ ਜਦੋਂ ਉਸ ਨੇ ਮੰਦਰ ਨਾਲ ਲਗਦੇ ਖਾਲੀ ਪਲਾਟ ’ਚ ਕੁਝ ਲੋਕਾਂ ਵੱਲੋਂ ਪਾਏ ਜਾ ਰਹੇ ਰੌਲੇ-ਰੱਪੇ ’ਤੇ ਇਤਰਾਜ਼ ਕੀਤਾ ਸੀ। ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਵੱਲੋਂ ਸਹਾਰਨ ’ਤੇ ਹਮਲੇ ਦੀ ਖ਼ਬਰ ਜਿਵੇਂ ਹੀ ਫੈਲੀ ਤਾਂ ਵੱਖ ਵੱਖ ਹਿੰਦੂ ਜਥੇਬੰਦੀਆਂ ਦੇ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨ ਕੀਤਾ। ਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਤਣਾਅ ਨੂੰ ਦੇਖਦਿਆਂ ਵਾਧੂ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ।
ਪੁਲੀਸ ਨੇ ਦੱਸਿਆ ਕਿ ਹਮਲੇ ਦੇ ਦੋਸ਼ ਹੇਠ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਹਨੂੰਮਾਨਗੜ੍ਹ ’ਚ ਹਾਲਾਤ ਕਾਬੂ ਹੇਠ ਹਨ। ਪੁਲੀਸ ਵੱਲੋਂ ਸੀਆਰਪੀਸੀ ਦੀ ਧਾਰਾ 151 ਤਹਿਤ ਵੀ 32 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਐੱਮ ਐੱਲ ਲਾਠੇਰ ਨੇ ਜੈਪੁਰ ’ਚ ਕਿਹਾ ਕਿ ਲਾਠੀਆਂ ਵੰਡਣ ਅਤੇ ਭੜਕਾਊ ਭਾਸ਼ਨਾਂ ਵਾਲੇ ਵੀਡੀਓ ਵਾਇਰਲ ਹੋ ਰਹੇ ਹਨ ਅਤੇ ਇਨ੍ਹਾਂ ਦੀ ਜਾਂਚ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਬੀਕਾਨੇਰ ਦੇ ਡਿਵੀਜ਼ਨਲ ਕਮਿਸ਼ਨਰ ਨੀਰਜ ਕੇ ਪਵਨ ਅਤੇ ਆਈਜੀ ਓਮਪ੍ਰਕਾਸ਼ ਨੇ ਨੋਹਾਰ ’ਚ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ। -ਪੀਟੀਆਈ