ਵਾਸ਼ਿੰਗਟਨ, 14 ਅਪਰੈਲ
ਅਮਰੀਕਾ ਦੇ ਖ਼ੁਫ਼ੀਆ ਭਾਈਚਾਰੇ ਨੇ ਸੰਸਦ ਨੂੰ ਕਿਹਾ ਹੈ ਕਿ ਇਸ ਸਾਲ ਸੈਨਿਕਾਂ ਨੂੰ ਹਟਾਉਣ ਦੇ ਬਾਵਜੂਦ ਚੀਨ-ਭਾਰਤ ਸੀਮਾ ’ਤੇ ਜ਼ਿਆਦਾ ਤਣਾਅ ਬਣਿਆ ਹੋਇਆ ਹੈ। ਖ਼ੁਫ਼ੀਆ ਭਾਈਚਾਰੇ ਨੇ ਕਿਹਾ ਕਿ ਚੀਨ ਆਪਣੀ ਵਧਦੀ ਤਾਕਤ ਦਿਖਾਉਣ ਤੇ ਗੁਆਂਢੀ ਦੇਸ਼ਾਂ ਨੂੰ ਵਿਵਾਦਤ ਖੇਤਰ ’ਤੇ ਆਪਣੇ ਦਾਅਵਿਆਂ ਸਣੇ ਆਪਣੀਆਂ ਪਹਿਲਾਂ ਨੂੰ ਬਿਨਾ ਕਿਸੇ ਵਿਰੋਧ ਤੋਂ ਮਨਜ਼ੂਰ ਕਰਨ ਲਈ ਮਜਬੂਰ ਕਰਨ ਵਾਸਤੇ ਸਾਰੇ ਹੱਥਕੰਡੇ ਅਜ਼ਮਾਉਣਾ ਚਾਹੁੰਦਾ ਹੈ। ਕੌਮੀ ਖ਼ੁਫ਼ੀਆ ਡਾਇਰੈਕਟਰ ਦੇ ਦਫ਼ਤਰ (ਓਡੀਐੱਨਆਈ) ਨੇ ਅਮਰੀਕੀ ਸੰਸਦ ਨੂੰ ਹਾਲ ਹੀ ਵਿੱਚ ਦਿੱਤੀ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਚੀਨ ਵਿਦੇਸ਼ ਵਿੱਚ ਆਪਣੀ ਆਰਥਿਕ, ਰਾਜਨੀਤਕ ਤੇ ਫ਼ੌਜੀ ਮੌਜੂਦਗੀ ਦਾ ਵਿਸਤਾਰ ਕਰਨ ਲਈ ਅਰਬਾਂ ਡਾਲਰ ਦੇ ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀਆਰਆਈ) ਦਾ ਪ੍ਰਚਾਰ ਕਰਦਾ ਹਹੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਕੁਝ ਸੈਨਿਕਾਂ ਦੀ ਵਾਪਸੀ ਦੇ ਬਾਵਜੂਦ ਚੀਨ-ਭਾਰਤ ਵਿਚਾਲੇ ਜ਼ਿਆਦਾ ਤਣਾਅ ਬਣਿਆ ਹੋਇਆ ਹੈ।