ਮੁੰਬਈ: ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਧਮਾਕਾਖ਼ੇਜ਼ ਸਮੱਗਰੀ ਮਿਲਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਪੁਲੀਸ ਅਧਿਕਾਰੀ ਸਚਿਨ ਵਜ਼ੇ ਦੀ ਹਿਰਾਸਤ ਸੱਤ ਅਪਰੈਲ ਤੱਕ ਵਧਾ ਦਿੱਤੀ ਗਈ ਹੈ। ਮੁਅੱਤਲ ਪੁਲੀਸ ਅਧਿਕਾਰੀ ਵਜ਼ੇ ਐਨਆਈਏ ਦੀ ਹਿਰਾਸਤ ਵਿਚ ਹਨ। ਵਜ਼ੇ ਨੂੰ 13 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਹਿਲਾਂ ਮਿਲਿਆ ਰਿਮਾਂਡ ਖ਼ਤਮ ਹੋਣ ’ਤੇ ਅੱਜ ਉਸ ਨੂੰ ਦੁਬਾਰਾ ਐਨਆਈਏ ਅਦਾਲਤ ਵਿਚ ਪੇਸ਼ ਕੀਤਾ ਗਿਆ। ਕੌਮੀ ਏਜੰਸੀ ਨੇ ਉਸ ਦਾ ਛੇ ਦਿਨ ਹੋਰ ਰਿਮਾਂਡ ਮੰਗਿਆ ਸੀ। ਐਨਆਈਏ ਦੇ ਵਕੀਲ ਵਧੀਕ ਸੌਲੀਸਿਟਰ ਜਨਰਲ ਅਨਿਲ ਸਿੰਘ ਨੇ ਕਿਹਾ ਕਿ ਏਜੰਸੀ ਨੂੰ ਡਿਜੀਟਲ ਵੀਡੀਓ ਰਿਕਾਰਡਿੰਗ (ਡੀਵੀਆਰ) ਤੇ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ਦੀ ਜਾਂਚ ਕੀਤੀ ਜਾਣੀ ਹੈ। ਦੋਵਾਂ ਧਿਰਾਂ ਨੂੰ ਸੁਣਨ ਮਗਰੋਂ ਅਦਾਲਤ ਨੇ ਹਿਰਾਸਤ 7 ਅਪਰੈਲ ਤੱਕ ਵਧਾ ਦਿੱਤੀ। ਜ਼ਿਕਰਯੋਗ ਹੈ ਕਿ 25 ਫਰਵਰੀ ਨੂੰ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੀ ਇਕ ਸਕਾਰਪੀਓ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਮਿਲੀ ਸੀ। ਮਨਸੁਖ ਹੀਰੇਨ, ਜਿਸ ਨੇ ਦਾਅਵਾ ਕੀਤਾ ਸੀ ਕਿ ਵਾਹਨ ਉਸ ਦਾ ਸੀ ਤੇ ਚੋਰੀ ਹੋਇਆ ਸੀ, ਠਾਣੇ ਵਿਚ 5 ਮਾਰਚ ਨੂੰ ਮ੍ਰਿਤਕ ਮਿਲਿਆ ਸੀ। ਐਨਆਈਏ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਗ੍ਰਿਫ਼ਤਾਰੀ ਤੋਂ ਬਾਅਦ ਸਚਿਨ ਵਜ਼ੇ ਦੇ ਇਕ ਸਾਂਝੇ ਖਾਤੇ ਵਿਚੋਂ 26.50 ਲੱਖ ਰੁਪਏ ਕਢਵਾਏ ਗਏ ਸਨ। ਵਜ਼ੇ ਦੇ ਸਾਥੀ ਦਾ ਨਾਂ ਲਏ ਬਗੈਰ ਏਜੰਸੀ ਨੇ ਅਦਾਲਤ ਵਿਚ ਕਿਹਾ ਕਿ ਉਸ ਦੇ ਸਾਂਝੇ ਇਕ ਲੌਕਰ ਵਿਚੋਂ ਕੁਝ ‘ਇਤਰਾਜ਼ਯੋਗ ਸਮੱਗਰੀ’ ਵੀ ਕਢਵਾਈ ਗਈ ਸੀ। -ਪੀਟੀਆਈ
ਐਨਆਈਏ ਨੇ ਇਕ ਹੋਰ ਮਰਸੀਡੀਜ਼ ਕਾਰ ਜ਼ਬਤ ਕੀਤੀ
ਐਨਆਈਏ ਨੇ ਇਕ ਹੋਰ ਮਰਸੀਡੀਜ਼ ਕਾਰ ਜ਼ਬਤ ਕੀਤੀ ਹੈ ਤੇ ਏਜੰਸੀ ਮੁਤਾਬਕ ਇਸ ਦੀ ਵਰਤੋਂ ਗ੍ਰਿਫ਼ਤਾਰ ਪੁਲੀਸ ਅਧਿਕਾਰੀ ਸਚਿਨ ਵਜ਼ੇ ਕਰਦਾ ਰਿਹਾ ਹੈ। ਕਾਰ ਰਾਏਗੜ੍ਹ ਜ਼ਿਲ੍ਹੇ ਦੇ ਪਨਵੇਲ ਤੋਂ ਮਿਲੀ ਹੈ। ਜਾਂਚ ਦੌਰਾਨ ਹੁਣ ਤੱਕ 8 ਵਾਹਨ ਜ਼ਬਤ ਕੀਤੇ ਜਾ ਚੁੱਕੇ ਹਨ। ਏਜੰਸੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਇਹ ਵਾਹਨ ਵਜ਼ੇ ਕੇਸ ਜਾਂ ਮਨਸੁਖ ਹੀਰੇਨ ਦੀ ਹੱਤਿਆ ਨਾਲ ਤਾਂ ਨਹੀਂ ਜੁੜਿਆ ਹੋਇਆ।