ਨਵੀਂ ਦਿੱਲੀ, 9 ਦਸੰਬਰ
ਸੁਪਰੀਮ ਕੋਰਟ ਨੇ ਆਨਲਾਈਨ ਦਾਖ਼ਲਾ ਅਮਲ ਦੌਰਾਨ ਬੇਧਿਆਨੀ ਵਿੱਚ ਗ਼ਲਤ ਲਿੰਕ ’ਤੇ ਕਲਿੱਕ ਕੀਤੇ ਜਾਣ ਕਰਕੇ ਇੰਜਨੀਅਰਿੰਗ ਦੀ ਸੀਟ ਗੁਆਉਣ ਵਾਲੇ 18 ਸਾਲਾ ਵਿਦਿਆਰਥੀ ਦੇ ਬਚਾਅ ’ਚ ਖੜਦਿਆਂ ਆਈਆਈਟੀ ਬੰਬੇ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀ ਨੂੰ ਆਰਜ਼ੀ ਦਾਖ਼ਲਾ ਦੇਵੇ। ਆਗਰਾ ਨਾਲ ਸਬੰਧਤ ਸਿਧਾਂਤ ਬੱਤਰਾ ਆਈਆਈਟੀ ਬੰਬੇ ਵਿੱਚ ਚਾਰ ਸਾਲਾ ਇਲੈਕਟ੍ਰੀਕਲ ਇੰਜਨੀਅਰਿੰਗ ਕੋਰਸ ਦੇ ਆਨਲਾਈਨ ਦਾਖ਼ਲੇ ਮੌਕੇ ‘ਗ਼ਲਤ’ ਲਿੰਕ ’ਤੇ ਕਲਿੱਕ ਕਰ ਬੈਠਾ ਸੀ। ਬੇਧਿਆਨੀ ਵਿੱਚ ਹੋਈ ਇਸ ਗਲਤੀ ਕਰਕੇ ਸਿਧਾਂਤ ਦੇ ਹੱਥੋਂ ਸੀਟ ਨਿਕਲ ਗਈ। ਬੈਂਚ ਨੇ ਵਿਦਿਆਰਥੀ ਦੇ ਵਕੀਲ ਵੱਲੋਂ ਦਾਇਰ ਹਲਫ਼ਨਾਮਿਆਂ ਦਾ ਨੋਟਿਸ ਲੈਂਦਿਆਂ ਆਈਆਈਟੀ ਬੰਬੇ ਨੂੰ ਆਰਜ਼ੀ ਦਾਖ਼ਲਾ ਦੇਣ ਦੀ ਹਦਾਇਤ ਕੀਤੀ ਹੈ। ਬੈਂਚ ਨੇ ਮਾਣਮੱਤੀ ਸੰਸਥਾ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਸਿਧਾਂਤ ਦੀ ਅਪੀਲ ’ਤੇ ਸੁਣਵਾਈ ਹੁਣ ਸਰਦੀਆਂ ਦੀਆਂ ਛੁੱਟੀਆਂ ਮਗਰੋਂ ਹੋਵੇਗੀ। –ਪੀਟੀਆਈ