ਨਵੀਂ ਦਿੱਲੀ, 2 ਅਕਤੂਬਰ
ਤਿਲੰਗਾਨਾ ਨੇ ਵੱਡੇ ਰਾਜਾਂ ਦੇ ਵਰਗ ’ਚ ਸਵੱਛ ਸਰਵੇਖਣ ਗ੍ਰਾਮੀਣ (ਐੱਸਐੱਸਜੀ) 2022 ਦਾ ਪਹਿਲਾ ਪੁਰਸਕਾਰ ਜਿੱਤਿਆ ਹੈ। ਹਰਿਆਣਾ ਦੂਜੇ ਅਤੇ ਤਾਮਿਲ ਨਾਡੂ ਤੀਜੇ ਸਥਾਨ ’ਤੇ ਰਿਹਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇਨ੍ਹਾਂ ਪੁਰਸਕਾਰਾਂ ਦੀ ਵੰਡ ਕੀਤੀ। ਇਹ ਪੁਰਸਕਾਰ ਦਿਹਾਤੀ ਖੇਤਰਾਂ ’ਚ ਸਵੱਛਤਾ ਦੀ ਸਥਿਤੀ ਦੇ ਆਧਾਰ ’ਤੇ ਦਿੱਤੇ ਗਏ ਹਨ। ਛੋਟੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਅੰਡੇਮਾਨ ਤੇ ਨਿਕੋਬਾਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਤੋਂ ਬਾਅਦ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਦੇ ਦੀਊ ਨੂੰ ਦੂਜਾ ਅਤੇ ਸਿੱਕਮ ਨੂੰ ਤੀਜਾ ਸਥਾਨ ਮਿਲਿਆ ਹੈ। ਤਿੰਨ ਮੋਹਰੀ ਜ਼ਿਲ੍ਹਿਆਂ ’ਚ ਭਿਵਾਨੀ (ਹਰਿਆਣਾ), ਜਗਤਿਆਲ (ਤਿਲੰਗਾਨਾ) ਤੇ ਨਿਜ਼ਾਮਾਬਾਦ (ਤਿਲੰਗਾਨਾ) ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ ਹਨ। ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਸਵੱਛ, ਸਿਹਤ ਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਸਮੇਂ ਸਿਰਫ਼ 3.23 ਕਰੋੜ ਦਿਹਾਤੀ ਘਰਾਂ ’ਚ ਪਾਣੀ ਦੀ ਸਪਲਾਈ ਸੀ ਜੋ ਤਿੰਨ ਸਾਲਾਂ ’ਚ ਵਧ ਕੇ 10.27 ਕਰੋੜ ਹੋ ਗਈ ਹੈ। ਹਾਲ ਹੀ ਦੇ ਸਾਲਾਂ ’ਚ ਜਲ ਸਪਲਾਈ ਪਹੁੰਚਣ ਕਾਰਨ ਬਿਮਾਰੀਆਂ ਵੀ ਘਟੀਆਂ ਹਨ। ਪਰ ਸਾਡਾ ਟੀਚਾ ਬਹੁਤ ਵੱਡਾ ਹੈ। ਸਾਨੂੰ ਜਲ ਪ੍ਰਬੰਧਨ ਤੇ ਸਵੱਛਤਾ ਦੇ ਖੇਤਰ ’ਚ ਦੁਨੀਆ ਸਾਹਮਣੇ ਮਿਸਾਲ ਕਾਇਮ ਕਰਨੀ ਹੈ।’ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੈਅੰਤੀ ਮੌਕੇ ਅੱਜ ਇਹ ਪੁਰਸਕਾਰ ਦਿੱਤੇ ਗਏ ਹਨ। -ਪੀਟੀਆਈ