ਨਵੀਂ ਦਿੱਲੀ, 4 ਸਤੰਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਵਿਦਿਆਰਥੀਆਂ ਲਈ ਅਧਿਆਪਕ ਮਾਰਗ ਦਰਸ਼ਕ ਹਨ ਅਤੇ ਊਹ ਰਾਸ਼ਟਰ ਨਿਰਮਾਣ ਦੇ ਸੱਚੇ ਸਿਪਾਹੀ ਹਨ। ਊਨ੍ਹਾਂ ਕਿਹਾ ਕਿ ਦ੍ਰਿੜ੍ਹ ਇਰਾਦੇ ਅਤੇ ਧੀਰਜ ਨਾਲ ਅਧਿਆਪਕ, ਬੱਚਿਆਂ ਨੂੰ ਮੁਲਕ ਦੇ ਸਭਿਆਚਾਰ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਊਣ ’ਚ ਸਹਾਇਤਾ ਕਰਦੇ ਹਨ। ਅਧਿਆਪਕ ਦਿਵਸ ਤੋਂ ਇਕ ਦਿਨ ਪਹਿਲਾਂ ਆਪਣੇ ਸੁਨੇਹੇ ’ਚ ਸ੍ਰੀ ਕੋਵਿੰਦ ਨੇ ਕਿਹਾ ਕਿ ਬਦਲਦੇ ਸਮੇਂ ’ਚ ਸਿੱਖਿਆ ਦੇ ਨਵੇਂ ਤਰੀਕੇ ਅਪਣਾਊਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਮਾਜ ’ਚ ਵਧੇਰੇ ਯੋਗਦਾਨ ਲਈ ਹੱਲਾਸ਼ੇਰੀ ਦਿੱਤੀ ਜਾ ਸਕੇ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸਭਿਆਚਾਰ ’ਚ ‘ਗੁਰੂ-ਸ਼ਿਸ਼’ ਪਰੰਪਰਾ ਵਿਸ਼ੇਸ਼ ਸਥਾਨ ਰੱਖਦੀ ਹੈ। ਹਰ ਵਰ੍ਹੇ 5 ਸਤੰਬਰ ਨੂੰ ਸਾਬਕਾ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮਦਿਨ ਮੌਕੇ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਆਊਂਦੇ ਸਮੇਂ ’ਚ ਅਧਿਆਪਕ, ਵਿਦਿਆਰਥੀਆਂ ਲਈ ਰਾਹ ਦਸੇਰਾ ਸਾਬਤ ਹੋਣਗੇ। -ਪੀਟੀਆਈ
ਕਸ਼ਮੀਰੀ ਸਕੂਲ ਅਧਿਆਪਕਾ ਨੂੰ ਮਿਲਿਆ ਕੌਮੀ ਪੁਰਸਕਾਰ
ਸ੍ਰੀਨਗਰ: ਬੁਆਏਜ਼ ਮਿਡਲ ਸਕੂਲ ਕਾਸ਼ੀਪੋਰਾ ਦੀ ਅਧਿਆਪਕਾ ਰੂਹੀ ਸੁਲਤਾਨਾ ਊਨ੍ਹਾਂ 47 ਅਧਿਆਪਕਾਂ ’ਚ ਸ਼ਾਮਲ ਹੈ ਜਿਨ੍ਹਾਂ ਨੂੰ ਅਧਿਆਪਕ ਦਿਵਸ ਮੌਕੇ ਕੌਮੀ ਪੁਰਸਕਾਰ ਲਈ ਚੁਣਿਆ ਗਿਆ ਹੈ। ਸੁਲਤਾਨਾ ਨੂੰ ਪੜ੍ਹਾਈ ਦੌਰਾਨ ਸਿਰਜਣਾਤਮਕ ਅਤੇ ਨਿਵੇਕਲੀ ਪਹੁੰਚ ਅਪਣਾਊਣ ਲਈ ਇਸ ਵਰ੍ਹੇ ਕੌਮੀ ਪੁਰਸਕਾਰ ਲਈ ਚੁਣਿਆ ਗਿਆ ਹੈ। ਸਿੱਖਿਆ ਮੰਤਰਾਲੇ ਮੁਤਾਬਕ ਸੁਲਤਾਨਾ ਨੇ ਸੰਕਟ ਦੀ ਘੜੀ ’ਚ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ। -ਪੀਟੀਆਈ