ਸ੍ਰੀਨਗਰ, 25 ਜੁਲਾਈ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਭਾਰਤ-ਪਾਕਿਸਤਾਨ ਵਿਚਾਲੇ ਸਥਾਈ ਅਤੇ ਨਤੀਜਾ ਕੇਂਦਰਤ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਇਹ ਸਮਝਣਾ ਚਾਹੀਦਾ ਹੈ ਉਹ ਇਕ ਦੂਜੇ ਖ਼ਿਲਾਫ਼ ਜੰਗ ਨਹੀਂ ਜਿੱਤ ਸਕਦੇ।
ਕੁਲਗਾਮ ਜ਼ਿਲ੍ਹੇ ਦੇ ਲਾਮਡ ਅਤੇ ਦੇਵਸਰ ’ਚ ਪਾਰਟੀ ਵਰਕਰਾਂ ਦੀਆਂ ਦੋ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਅਬਦੁੱਲਾ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਆਪਣੀਆਂ ਕੋਸ਼ਿਸ਼ਾਂ ’ਚ ਨਿਰੰਤਰਤਾ ਤੇ ਗੰਭੀਰਤਾ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੀ ਜ਼ਿੰਦਗੀ ਨੂੰ ‘ਕਦੇ ਨਾ ਮੁੱਕਣ ਵਾਲੇ ਦੁੱਖਾਂ’ ਤੋਂ ਮੁਕਤ ਬਣਾਉਣਾ ਚਾਹੀਦਾ ਹੈ। ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿ ਹਾਲੇ ਤੱਕ ਢੁੱਕਵੀਂ ਗੱਲਬਾਤ ਨਹੀਂ ਹੋਈ ਅਬਦੁੱਲਾ ਨੇ ਕਿਹਾ ਕਿ ਸੱਜਰੇ ਕਦਮਾਂ ਅਤੇ ਸੁਨੇਹਿਆਂ ਤੋਂ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਤਣਾਅ ਘਟਣ ਦੇ ਸੰਕੇਤ ਮਿਲੇ ਹਨ। -ਪੀਟੀਆਈ
‘ਪ੍ਰਧਾਨ ਮੰਤਰੀ ਨਾਲ ਮੀਟਿੰਗ ਮਗਰੋਂ ‘ਕੋਈ ਨਤੀਜਾ’ ਨਹੀਂ ਨਿਕਲਿਆ’
ਸ੍ਰੀਨਗਰ: ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ-ਕਸ਼ਮੀਰ ਦੇ ਮੁੱਖ ਧਾਰਾ ਨੇਤਾਵਾਂ ਨਾਲ ਮੀਟਿੰਗ ਮਗਰੋਂ ਜ਼ਮੀਨੀ ਪੱਧਰ ’ਤੇ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੈ। ਅਬਦੁੱਲਾ ਨੇ ਇਹ ਗੱਲ ਨਵੀਂ ਦਿੱਲੀ ’ਚ 24 ਜੂਨ ਨੂੰ ਹੋਈ ਬੈਠਕ ’ਚ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ਕਿ ਉਹ ਜੰਮੂ-ਕਸ਼ਮੀਰ ਦੇ ਲੋਕਾਂ ਦੇ ਦਿਲ ਜਿੱਤਣਾ ਚਾਹੁੰਦੇ ਹਨ ਅਤੇ ‘ਦਿੱਲੀ ਦੀ ਦੂਰੀ’ ਦੇ ਨਾਲ-ਨਾਲ ‘ਦਿਲ ਦੀ ਦੂਰੀ’ ਵੀ ਖਤਮ ਕਰਨਾ ਚਾਹੁੰਦੇ ਹਨ, ਦੇ ਸਬੰਧ ’ਚ ਆਖੀ। ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਕਿਹਾ, ‘ਉਨ੍ਹਾਂ ਦਾ ਬਿਆਨ ਸਵਾਗਤਯੋਗ ਹੈ ਪਰ ਲੋਕਾਂ ਦੇ ਦਿਲ ਜਿੱਤਣ ਲਈ ਜ਼ਮੀਨੀ ਪੱਧਰ ’ਤੇ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਲੋਕਾਂ ਨੂੰ ਹਿਰਸਤ ਵਿੱਚ ਲੈਣਾ ਲਗਾਤਾਰ ਜਾਰੀ ਹੈ ਅਤੇ ਅਸਹਿਮਤੀ ਨੂੰ ਸਹਿਣ ਨਹੀਂ ਕੀਤਾ ਜਾ ਰਿਹਾ। ਵਿਸ਼ੇਸ਼ ਦਰਜਾ ਖੋਹੇ ਜਾਣ ਨਾਲ ਸਦਮੇ ’ਚੋਂ ਲੰਘੇ ਲੋਕਾਂ ਨੂੰ ਜਿੱਤ ਸਕਣ ਵਾਲੀ ਕੋਸ਼ਿਸ਼ ਦੇਖਣਾ ਚਾਹੁੰਦੇ ਹਾਂ।’ -ਪੀਟੀਆਈ