ਨਵੀਂ ਦਿੱਲੀ, 6 ਅਕਤੂਬਰ
ਅਮਰੀਕਾ ਦੀ ਉਪ ਵਿਦੇਸ਼ ਸਕੱਤਰ ਵੈਂਡੀ ਸ਼ਰਮਨ ਅਤੇ ਭਾਰਤੀ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਵਿਚਾਲੇ ਅਫ਼ਗਾਨਿਸਤਾਨ ਦੇ ਹਾਲਾਤ, ਕੁਆਡ ਢਾਂਚੇ ਤਹਿਤ ਸਹਿਯੋਗ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਅੱਜ ਇਥੇ ਵਿਸਥਾਰ ਨਾਲ ਗੱਲਬਾਤ ਹੋਈ। ਸ਼ਰਮਨ ਨੇ ਕਿਹਾ ਕਿ ਚੀਨ ਜੇ ਅਮਰੀਕਾ ਤੇ ਉਨ੍ਹਾਂ ਦੇ ਭਾਈਵਾਲਾਂ ਖ਼ਿਲਾਫ਼ ਜਾਵੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਬਾਰੇ ਵਿਚਾਰ ਕੀਤਾ ਜਾਵੇਗਾ। ਉਹ ਮੰਗਲਵਾਰ ਨੂੰ ਤਿੰਨ ਦਿਨ ਦੇ ਦੌਰੇ ’ਤੇ ਇਥੇ ਪਹੁੰਚੇ ਸਨ। ਅਮਰੀਕੀ ਉਪ ਵਿਦੇਸ਼ ਸਕੱਤਰ ਦੀ ਇਹ ਯਾਤਰਾ ਅਜਿਹੇ ਸਮੇਂ ’ਚ ਹੋ ਰਹੀ ਹੈ ਜਦੋਂ ਕਰੀਬ ਦੋ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਗੱਲਬਾਤ ਕੀਤੀ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਦੱਸਿਆ ਕਿ ਦੋਵੇਂ ਅਧਿਕਾਰੀਆਂ ਨੇ ਖੇਤਰੀ ਹਿੱਤਾਂ ਅਤੇ ਸੰਯੁਕਤ ਰਾਸ਼ਟਰ ਦੀਆਂ ਬੈਠਕਾਂ ਆਦਿ ਜਿਹੇ ਮੁੱਦੇ ਵਿਚਾਰੇ ਜਿਨ੍ਹਾਂ ’ਚ ਅਫ਼ਗਾਨਿਸਤਾਨ ਦੇ ਹਾਲਾਤ ਦਾ ਮੁੱਦਾ ਭਾਰੂ ਰਿਹਾ ਸੀ। ਉਨ੍ਹਾਂ ਕਿਹਾ ਕਿ ਕੁਆਡ ਤਹਿਤ ਸਹਿਯੋਗ ਜਾਰੀ ਰਖਦਿਆਂ ਹਿੰਦ-ਪ੍ਰਸ਼ਾਂਤ ਸਾਗਰ ਖ਼ਿੱਤੇ ’ਚ ਸਾਰਿਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਈ ਗਈ। ਤਰਜਮਾਨ ਨੇ ਕਿਹਾ ਕਿ ਦੋਵੇਂ ਮੁਲਕਾਂ ਨੇ ਕੋਵਿਡ-19, ਸੁਰੱਖਿਆ, ਰੱਖਿਆ, ਆਰਥਿਕ, ਵਾਤਾਵਰਨ ਅਤੇ ਸਾਫ਼ ਊਰਜਾ ਸਮੇਤ ਹੋਰ ਦੁਵੱਲੇ ਮੁੱਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਅਮਰੀਕਾ ਦੀ ਉਪ ਵਿਦੇਸ਼ ਸਕੱਤਰ ਵੈਂਡੀ ਸ਼ਰਮਨ ਨੇ ਆਸ ਪ੍ਰਗਟਾਈ ਕਿ ਭਾਰਤ ਵੱਲੋਂ ਰੂਸ ਤੋਂ ਐੱਸ-400 ਏਅਰ ਡਿਫੈਂਸ ਮਿਜ਼ਾਈਲ ਪ੍ਰਧਾਲੀ ਖ਼ਰੀਦਣ ਦੇ ਫ਼ੈਸਲੇ ’ਤੇ ਪੈਦਾ ਹੋਏ ਮੱਤਭੇਦਾਂ ਨੂੰ ਸੁਲਝਾ ਲਿਆ ਜਾਵੇਗਾ। ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਐੱਸ-400 ਸੌਦੇ ’ਤੇ ਸੰਭਾਵੀ ਪਾਬੰਦੀ ਦਾ ਫ਼ੈਸਲਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਲਿਆ ਜਾਵੇਗਾ। ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਵੀ ਆਰ ਚੌਧਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਪਹਿਲਾ ਬੈਚ ਮੌਜੂਦਾ ਸਾਲ ਦੇ ਅਖੀਰ ਤੱਕ ਭਾਰਤ ਪਹੁੰਚ ਜਾਵੇਗਾ। ਸ਼ਰਮਨ ਨੇ ਕਿਹਾ ਕਿ ਇਹ ਸੌਦਾ ਖ਼ਤਰਨਾਕ ਹੈ ਅਤੇ ਕਿਸੇ ਦੇ ਵੀ ਸੁਰੱਖਿਆ ਹਿੱਤ ’ਚ ਨਹੀਂ ਹੈ। ਸ਼ਰਮਨ ਨੇ ਕਿਹਾ ਕਿ ਅਫ਼ਗਾਨਿਸਤਾਨ ਬਾਰੇ ਭਾਰਤ ਦੇ ਖ਼ਦਸ਼ਿਆਂ ਤੋਂ ਅਮਰੀਕਾ ਵੀ ਚਿੰਤਿਤ ਹੈ ਅਤੇ ਉਹ ਇਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗਾ। ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਅਤੇ ਐੱਨਐੱਸਏ ਅਜੀਤ ਡੋਵਾਲ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ’ਚ ਵਾਪਰ ਰਹੀਆਂ ਘਟਨਾਵਾਂ ’ਤੇ ਭਾਰਤ ਅਤੇ ਅਮਰੀਕਾ ਦੇ ਵਿਚਾਰ ਇਕੋ ਜਿਹੇ ਹਨ। ਉਨ੍ਹਾਂ ਕਿਹਾ ਕਿ ਤਾਲਿਬਾਨ ਨੂੰ ਸਿਰਫ਼ ਬੋਲਣ ਦੀ ਨਹੀਂ ਕੰਮ ਕਰਕੇ ਦਿਖਾਉਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨ ਲੋਕਾਂ ਦੀ ਸਹਾਇਤਾ ਕਰਨ ਦੀ ਵੀ ਲੋੜ ਹੈ। -ਪੀਟੀਆਈ