ਨਵੀਂ ਦਿੱਲੀ, 13 ਨਵੰਬਰ
ਖ਼ੁਰਾਕੀ ਪਦਾਰਥਾਂ ਦੀ ਕਮੀ ਦੇ ਮੱਦੇਨਜ਼ਰ ਅਫ਼ਗਾਨਿਸਤਾਨ ਦੀ ਮਦਦ ਕਰਨ ਦੇ ਮੰਤਵ ਨਾਲ ਸੰਯੁਕਤ ਰਾਸ਼ਟਰ ਵਿਸ਼ਵ ਖੁ਼ਰਾਕ ਪ੍ਰੋਗਰਾਮ ਅਤੇ ਭਾਰਤ ਦਰਮਿਆਨ ਗੱਲਬਾਤ ਚੱਲ ਰਹੀ ਹੈ। ਵਿਸ਼ਵ ਖ਼ੁਰਾਕ ਪ੍ਰੋਗਰਾਮ ਦੇ ਅਫ਼ਗਾਨਿਸਤਾਨ ਲਈ ਮੁਖੀ ਸਿਸਿਲੀਆ ਗਾਰਜ਼ੋਨ ਨੇ ਸਾਰੇ ਮੁਲਕਾਂ ਨੂੰ ਬੇਨਤੀ ਕੀਤੀ ਕਿ ਜੰਗ ਨਾਲ ਗ੍ਰਸਤ ਮੁਲਕ ਦੀ ਮਦਦ ਕਰਨ ਲਈ ਜੋ ਸੰਭਵ ਹੋ ਸਕਦਾ ਹੈ, ਕੀਤਾ ਜਾਵੇ। ਇਸ ਵੇਲੇ ਅਫ਼ਗਾਨਿਸਤਾਨ ਸੰਸਾਰ ਦੇ ਸਭ ਤੋਂ ਮਾੜੇ ਮਨੁੱਖੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਥੇ ਪਰਿਵਾਰਾਂ ਦੀ ਭੋਜਨ ਤੱਕ ਪਹੁੰਚ ਨੂੰ ਕਈ ਕਾਰਨਾਂ ਨੇ ਪ੍ਰਭਾਵਿਤ ਕੀਤਾ ਹੈ। ਡਬਲਿਊਐਫਪੀ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਸਣੇ ਸਾਰੇ ਮੁਲਕਾਂ ਨੂੰ ਜਿੰਨਾ ਸੰਭਵ ਹੋ ਸਕਦਾ ਹੈ, ਅਫ਼ਗਾਨਿਸਤਾਨ ਵਿਚ ਪਰਿਵਾਰਾਂ ਦੀ ਮਦਦ ਲਈ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭੋਜਨ ਦੀ ਕਮੀ ਨਾਲ ਉਨ੍ਹਾਂ ਅਫ਼ਗਾਨਾਂ ਦੀ ਗਿਣਤੀ ਵਧੇਗੀ ਜੋ ਆਪਣੇ ਪਰਿਵਾਰਾਂ ਖਾਤਰ ਮੁਲਕ ਛੱਡ ਕੇ ਭੱਜਣਗੇ। ਜਿੱਥੇ ਉਨ੍ਹਾਂ ਨੂੰ ਸੁਰੱਖਿਆ ਤੇ ਸਥਿਰਤਾ ਮਿਲੇਗੀ, ਉਹ ਉੱਧਰ ਨੂੰ ਜਾਣਗੇ। ਅਧਿਕਾਰੀ ਨੇ ਕਿਹਾ ਕਿ ਅਫ਼ਗਾਨਾਂ ਦੀ ਲੋੜ ਇਥੋਪੀਆ, ਦੱਖਣੀ ਸੂਡਾਨ, ਸੀਰੀਆ ਤੇ ਯਮਨ ਦੇ ਲੋਕਾਂ ਨਾਲੋਂ ਵੀ ਵੱਡੀ ਹੈ। ਉਨ੍ਹਾਂ ਕਿਹਾ ਕਿ ਪੂਰੇ ਸੰਸਾਰ ਨੂੰ ਇਸ ਤਬਾਹੀ ਨੂੰ ਰੋਕਣ ਲਈ ਜੋ ਹੋ ਸਕਦਾ ਹੈ, ਕਰਨਾ ਚਾਹੀਦਾ ਹੈ। ਗਾਰਜ਼ੋਨ ਨੇ ਕਿਹਾ ਕਿ ਭਾਰਤ ਨਾਲ ਮਦਦ ਭੇਜਣ ਬਾਰੇ ਗੱਲਬਾਤ ਹੋ ਰਹੀ ਹੈ ਤੇ ਆਸ ਹੈ ਕਿ ਇਸ ਦੇ ਚੰਗੇ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਉੱਥੇ ਨਾ ਤਾਂ ਨੌਕਰੀਆਂ ਹਨ, ਨਾ ਨਗ਼ਦੀ ਹੈ ਤੇ ਨਾ ਹੀ ਦਵਾਈਆਂ ਹਨ। ਪਿਛਲੇ ਤਿੰਨ ਸਾਲਾਂ ਵਿਚ ਦੋ ਵਾਰ ਸੋਕਾ ਪੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਡਬਲਿਊਐਫਪੀ ਆਪਣੇ ਪੱਧਰ ਉਤੇ ਵੀ ਹਰ ਸੰਭਵ ਯਤਨ ਕਰ ਰਿਹਾ ਹੈ। -ਪੀਟੀਆਈ