ਨਵੀਂ ਦਿੱਲੀ: ਇੱਥੋਂ ਦੀ ਇੱਕ ਅਦਾਲਤ ਨੇ ਦਿੱਲੀ ਪੁਲੀਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਿਜ਼ਾਮੂਦੀਨ ਮਰਕਜ਼ ਦੇ ਰਿਹਾਇਸ਼ੀ ਹਿੱਸੇ ਦੀਆਂ ਚਾਬੀਆਂ ਤਬਲੀਗ਼ੀ ਜਮਾਤ ਦੇ ਮੁਖੀ ਮੁਲਾਨਾ ਸਾਦ ਦੇ ਪਰਿਵਾਰ ਨੂੰ ਸੌਂਪੇ। ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਜੁੜੇ ਧਾਰਮਿਕ ਇਕੱਠ ਮਗਰੋਂ ਪੁਲੀਸ ਨੇ ਕਈ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਉਦੋਂ ਤੋਂ ਹੀ ਨਿਜ਼ਾਮੂਦੀਨ ਮਰਕਜ਼ ਨੂੰ ਜਿੰਦਰਾ ਲੱਗਿਆ ਹੋਇਆ ਹੈ। ਨਿਜ਼ਾਮੂਦੀਨ ਮਰਕਜ਼ ’ਤੇ ਤਬਲੀਗ਼ੀ ਜਮਾਤ ਦੇ ਇਕੱਠ ਵਿੱਚ ਸ਼ਮੂਲੀਅਤ ਕਰਨ ਵਾਲੇ ਬਹੁਤੇ ਲੋਕਾਂ ਵਿੱਚ ਕਰੋਨਾ ਕੇਸ ਪਾਜ਼ੇਟਿਵ ਮਿਲੇ ਸਨ, ਜਿਸ ਮਗਰੋਂ ਪੁਲੀਸ ਨੇ ਸਾਦ ਅਤੇ ਛੇ ਹੋਰਾਂ ਖ਼ਿਲਾਫ਼ 31 ਮਾਰਚ ਨੂੰ ਕੇਸ ਦਰਜ ਕੀਤਾ ਸੀ। ਚੀਫ਼ ਮੈਟਰੋਪੌਲੀਟਨ ਮੈਜਸਿਟਰੇਟ ਗੁਰਮੋਹਨ ਕੌਰ ਨੇ ਸਾਦ ਦੇ ਪਰਿਵਾਰ ਨੂੰ ਰਿਹਾਇਸ਼ੀ ਇਮਾਰਤ ਦੀਆਂ ਚਾਬੀਆਂ ਸੌਂਪਣ ਤੋਂ ਪਹਿਲਾਂ ਜਾਂਚ ਏਜੰਸੀਆਂ ਨੂੰ ਪੜਤਾਲ ਕਰਨ ਲਈ ਪੰਜ ਦਿਨ ਦੀ ਮੋਹਲਤ ਦਿੱਤੀ ਹੈ। -ਪੀਟੀਆਈ