ਲਖਨਊ, 12 ਜੁਲਾਈ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਤੇ ਬਸਪਾ ਮੁਖੀ ਮਾਇਆਵਤੀ ਨੇ ਯੂਪੀ ਪੁਲੀਸ ਵੱਲੋਂ ਅਲ ਕਾਇਦਾ ਨਾਲ ਜੁੜੇ ਅਤਿਵਾਦੀਆਂ ਦੀ ਗ੍ਰਿਫ਼ਤਾਰੀ ਦੇ ਦਾਅਵੇ ਉਤੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜਿਹੀ ਕਾਰਵਾਈ ਲੋਕਾਂ ਦੇ ਮਨਾਂ ਵਿਚ ਸ਼ੱਕ ਪੈਦਾ ਕਰਦੀ ਹੈ। ਮਾਇਆਵਤੀ ਨੇ ਟਵੀਟ ਕੀਤਾ ਕਿ ‘ਜੇ ਯੂਪੀ ਪੁਲੀਸ ਦੇ ਦਾਅਵੇ ਸੱਚ ਹਨ ਤਾਂ ਇਹ ਬਹੁਤ ਗੰਭੀਰ ਮੁੱਦਾ ਹੈ ਤੇ ਢੁੱਕਵਾਂ ਕਦਮ ਚੁੱਕਿਆ ਜਾਣਾ ਚਾਹੀਦਾ ਹੈ, ਪਰ ਇਸ ਦੇ ਪਰਦੇ ਵਿਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ, ਕਿਉਂਕਿ ਅਜਿਹਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ।’
ਸਾਬਕਾ ਮੁੱਖ ਮੰਤਰੀ ਨੇ ਗ੍ਰਿਫ਼ਤਾਰੀ ਦੇ ਸਮੇਂ ਉਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਕਾਰਵਾਈ ਲਈ ਦਿੱਤੇ ਗਏ ਕਾਰਨ ਸੱਚ ਹਨ ਤਾਂ ਪੁਲੀਸ ਐਨਾ ਲੰਮਾ ਸਮਾਂ ਇਸ ਸਭ ਤੋਂ ਅਣਜਾਣ ਕਿਵੇਂ ਸੀ? ਇਹ ਸਵਾਲ ਲੋਕਾਂ ਵੱਲੋਂ ਪੁੱਛਿਆ ਜਾ ਰਿਹਾ ਹੈ। ਇਸ ਲਈ ਸਰਕਾਰ ਅਜਿਹਾ ਕੋਈ ਕਦਮ ਨਾ ਚੁੱਕੇ ਜਿਸ ਨਾਲ ਲੋਕਾਂ ਵਿਚਾਲੇ ਅਸ਼ਾਂਤੀ ਬਣੇ। ਜ਼ਿਕਰਯੋਗ ਹੈ ਕਿ ਯੂਪੀ ਪੁਲੀਸ ਨੇ ਐਤਵਾਰ ਦਾਅਵਾ ਕੀਤਾ ਸੀ ਕਿ ਅਲ ਕਾਇਦਾ ਨਾਲ ਜੁੜੇ ਸੰਗਠਨ ਦੇ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਅਸਲਾ ਵੀ ਮਿਲਿਆ ਹੈ। ‘ਸਪਾ’ ਪ੍ਰਧਾਨ ਯਾਦਵ ਨੇ ਕਿਹਾ ਸੀ ਕਿ ‘ਉਹ ਯੂਪੀ ਪੁਲੀਸ ਉਤੇ ਨਿਰਭਰ ਨਹੀਂ ਹੋ ਸਕਦੇ, ਖਾਸ ਕਰ ਕੇ ਭਾਜਪਾ ਸਰਕਾਰ ਉਤੇ ਤਾਂ ਬਿਲਕੁਲ ਭਰੋਸਾ ਨਹੀਂ ਹੈ।’ ਇਸ ਮਾਮਲੇ ਵਿਚ ਯੂਪੀ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਵੀ ਯਾਦਵ ’ਤੇ ਤਿੱਖੀ ਟਿੱਪਣੀ ਕੀਤੀ ਸੀ। -ਪੀਟੀਆਈ