ਸ੍ਰੀਨਗਰ, 6 ਜੁਲਾਈ
ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਮੁਕਾਬਲੇ ਦੌਰਾਨ ਲਸ਼ਕਰ-ਏ-ਤਇਬਾ ਦੇ ਦੋ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਸਾਹਮਣੇ ਆਤਮਸਮਰਪਣ ਕੀਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਇਹ ਦੋਨੋਂ ਜਣੇ ਹਾਲ ’ਚ ਹੀ ਇਸ ਦਹਿਸ਼ਤਗਰਦ ਗੁੱਟ ਵਿੱਚ ਸ਼ਾਮਲ ਹੋਏ ਸਨ। ਪੁਲੀਸ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਹਾਦੀਗਾਮ ਇਲਾਕੇ ਵਿੱਚ ਮੁਕਾਬਲਾ ਮੰਗਲਵਾਰ ਰਾਤ ਨੂੰ ਸ਼ੁਰੂ ਹੋਇਆ ਸੀ। ਕਸ਼ਮੀਰ ਜ਼ੋਨ ਪੁਲੀਸ ਨੇ ਟਵੀਟ ਕੀਤਾ, ‘‘ਮੁਕਾਬਲੇ ਦੌਰਾਨ ਦਹਿਸ਼ਤਗਰਦਾਂ ਨੇ ਆਪਣੇ ਮਾਪਿਆਂ ਅਤੇ ਪੁਲੀਸ ਦੇ ਅਪੀਲ ’ਤੇ ਆਤਮਸਮਰਪਣ ਕੀਤਾ ਹੈ। ਉਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ, ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਹੋਇਆ।’’
ਸ੍ਰੀਨਗਰ ਆਧਾਰਿਤ ਰੱਖਿਆ ਪੀਆਰਓ ਕਰਨਲ ਮੁਸਾਵੀ ਨੇ ਦੱਸਿਆ ਕਿ ਦੋਨੋਂ ਦਹਿਸ਼ਤਗਰਦਾਂ ਦੀ ਪਛਾਣ ਨਦੀਮ ਅੱਬਾਸ ਭੱਟ ਵਾਸੀ ਰੇਸ਼ੀਪੁਰਾ ਕਾਈਮੋਹ ਅਤੇ ਕਫੀਲ ਮੀਰ ਵਾਸੀ ਮੀਰਪੁਰਾ ਕਾਈਮੋਹ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਪਤਾ ਲੱਗਣ ’ਤੇ ਕਿ ਹਾਲ ਵਿੱਚ ਹੀ ਲਸ਼ਕਰ ’ਚ ਸ਼ਾਮਲ ਹੋਏ ਦੋਨੋਂ ਜਣੇ ਸਥਾਨਕ ਵਾਸੀ ਹਨ ਅਤੇ ਪਰਿਵਾਰ ਨੂੰ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣਾ ਚਾਹੁੰਦੇ ਸਨ, ਫੌਜ ਨੇ ਸਬਰ ਦਿਖਾਉਂਦਿਆਂ ਉਨ੍ਹਾਂ ਦੋਨੋਂ ਦਹਿਸ਼ਤਗਰਦਾਂ ਦੇ ਮਾਪਿਆਂ ਨੂੰ ਮੁਕਾਬਲੇ ਵਾਲੀ ਥਾਂ ’ਤੇ ਬੁਲਾ ਕੇ ਆਤਮਸਮਰਪਣ ਦੀ ਅਪੀਲ ਕਰਵਾਈ। ਪੀਆਰਓ ਨੇ ਦੱਸਿਆ ਕਿ ਮਾਪਿਆਂ ਅਤੇ ਸੁਰੱਖਿਆਂ ਬਲਾਂ ਵੱਲੋਂ ਵਾਰ ਅਪੀਲਾਂ ਕਰਨ ’ਤੇ ਦਹਿਸ਼ਤਗਰਦਾਂ ਨੇ ਸਵੇਰ ਸਮੇਂ ਆਤਮਸਮਰਪਣ ਕਰ ਦਿੱਤਾ। ਉਨ੍ਹਾਂ ਨੂੰ ਜੰਮੂ ਕਸ਼ਮੀਰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। -ਪੀਟਆਈ
ਮਹਬਿੂਬਾ ਮੁਫਤੀ ਵੱਲੋਂ ਸੁਰੱਖਿਆਂ ਬਲਾਂ ਤੇ ਮਾਪਿਆਂ ਦੀ ਸ਼ਲਾਘਾ
ਪੀਪਲਜ਼ ਡੈਮੋਕਰੈਟਿਕ ਪਾਰਟੀ ਮੁਖੀ ਮਹਬਿੂਬਾ ਮੁਫ਼ਤੀ ਨੇ ਦੋ ਦਹਿਸ਼ਤਗਰਦਾਂ ਨੂੰ ਆਤਮਸਮਰਪਣ ਲਈ ਮਨਾਉਣ ’ਤੇ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਦੇ ਮਾਪਿਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤੀ ਗੁਟਾਂ ’ਚ ਸ਼ਾਮਲ ਹੋਏ ਨੌਜਵਾਨਾਂ ਨੂੰ ਦੂਜਾ ਮੌਕਾ ਦੇਣ ਲਈ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਪੀਡੀਪੀ ਪ੍ਰਧਾਨ ਨੇ ਟਵੀਟ ਕੀਤਾ, ‘‘ਦੋ ਜ਼ਿੰਦਗੀਆਂ ਬਚਾਉਣ ਲਈ ਉਨ੍ਹਾਂ ਦੇ ਪਰਿਵਾਰਾਂ ਦੀਆਂ ਕੋਸ਼ਿਸ਼ਾਂ ਅਤੇ ਸੁਰੱਖਿਆ ਬਲਾਂ ਵੱਲੋਂ ਦਿੱਤੇ ਸਮਰਥਨ ਲਈ ਧੰਨਵਾਦ। ਅਜਿਹੀਆਂ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ ਤਾਂ ਕਿ ਦਹਿਸ਼ਤਗਰਦੀ ’ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਜਿਊਣ ਦੂਜਾ ਮੌਕਾ ਦਿੱਤਾ ਜਾ ਸਕੇ।’’