ਨਵੀਂ ਦਿੱਲੀ, 31 ਅਗਸਤ
ਸੁਪਰੀਮ ਕੋਰਟ ਨੇ ਅਦਾਲਤੀ ਹੱਤਕ ਮਾਮਲੇ ਵਿੱਚ 2017 ’ਚ ਸੁਣਾਏ ਆਪਣੇ ਹੀ ਫੈਸਲੇ ’ਤੇ ਨਜ਼ਰਸਾਨੀ ਦੀ ਮੰਗ ਕਰਦੀ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਸਿਖਰਲੀ ਅਦਾਲਤ ਨੇ ਮਾਲਿਆ ਨੂੰ ਆਪਣੇ ਬੱਚਿਆਂ ਦੇ ਨਾਮ ਤਬਦੀਲ ਕੀਤੇ 4 ਕਰੋੜ ਅਮਰੀਕੀ ਡਾਲਰ ਲਈ ਅਦਾਲਤੀ ਤੌਹੀਨ ਦਾ ਦੋਸ਼ੀ ਕਰਾਰ ਦਿੱਤਾ ਸੀ। ਮਾਲਿਆ ਨੇ ਪਟੀਸ਼ਨ ਵਿੱੱਚ ਸੁਪਰੀਮ ਕੋਰਟ ਤੋਂ ਆਪਣੇ ਇਸੇ ਫੈਸਲੇ ’ਤੇ ਨਜ਼ਰਸਾਨੀ ਕੀਤੇ ਜਾਣ ਦੀ ਮੰਗ ਕੀਤੀ ਸੀ। ਜਸਟਿਸ ਯੂ.ਯੂ.ਲਲਿਤ ਤੇ ਅਸ਼ੋਕ ਭੂਸ਼ਣ ਦੇ ਬੈਂਚ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕੇਸ ਵਿੱਚ ਕੋਈ ਮੈਰਿਟ ਨਜ਼ਰ ਨਹੀਂ ਆਉਂਦੀ, ਲਿਹਾਜ਼ਾ ਨਜ਼ਰਸਾਨੀ ਪਟੀਸ਼ਨ ਰੱਦ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਦੋ ਮੈਂਬਰੀ ਬੈਂਚ ਨੇ 27 ਅਗਸਤ ਨੂੰ ਦਲੀਲਾਂ ਸੁਣਨ ਮਗਰੋਂ ਫੈਸਲਾਂ ਰਾਖਵਾਂ ਰੱਖ ਲਿਆ ਸੀ। ਸੁਪਰੀਮ ਕੋਰਟ ਨੇ ਮਾਲਿਆ ਦੀ ਨਜ਼ਰਸਾਨੀ ਪਟੀਸ਼ਨ ਸੂਚੀਬੰਦ ਕਰਨ ਵਿੱਚ ਹੋਈ ਦੇਰੀ ਲਈ ਜੂਨ ਮਹੀਨੇ ਆਪਣੀ ਰਜਿਸਟਰੀ ਤੋਂ ਜਵਾਬ ਮੰਗਿਆ ਸੀ। ਸੁਪਰੀਮ ਕੋਰਟ ਨੇ ਸਵਾਲ ਕੀਤਾ ਸੀ ਕਿ ਤਿੰਨ ਸਾਲ ਪਹਿਲਾਂ ਦਾਇਰ ਪਟੀਸ਼ਨ ਸੂਚੀਬੰਦ ਕਰਨ ਨੂੰ ਇੰਨਾ ਸਮਾਂ ਕਿਉਂ ਲੱਗਾ। ਸਰਕਾਰੀ ਬੈਂਕਾਂ ਦਾ 9000 ਕਰੋੜ ਰੁਪਏ ਦਾ ਦੇਣਦਾਰ ਭਗੌੜਾ ਕਾਰੋਬਾਰੀ ਮਾਲਿਆ ਇਸ ਵੇਲੇ ਯੂਕੇ ਵਿੱਚ ਹੈ।