ਨਵੀਂ ਦਿੱਲੀ, 23 ਜਨਵਰੀ
ਸੁਪਰੀਮ ਕੋਰਟ ਨੇ ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਵੱਲੋਂ ਤਾਮਿਲ ਨਾਡੂ ਦੇ ਵਿਰੂਧੂਨਗਰ ਜ਼ਿਲ੍ਹੇ ’ਚ ਪਟਾਕਾ ਫੈਕਟਰੀ ’ਚ ਪਿਛਲੇ ਸਾਲ ਹੋਏ ਧਮਾਕੇ ’ਚ ਮਾਰੇ ਗਏ 19 ਵਰਕਰਾਂ ਦੇ ਵਾਰਸਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਏ ਐੱਮ ਖਾਨਵਿਲਕਰ ਅਤੇ ਦਿਨੇਸ਼ ਮਹੇਸ਼ਵਰੀ ਦੇ ਬੈਂਚ ਨੇ ਕਿਹਾ ਕਿ ਐੱਨਜੀਟੀ ਨੇ ਇਕਪਾਸੜ ਫ਼ੈਸਲਾ ਲਿਆ ਹੈ ਅਤੇ ਨਿਰਦੇਸ਼ ਦਿੱਤੇ ਕਿ ਟ੍ਰਿਬਿਊਨਲ ਕੇਸ ਦਾ ਨਵੇਂ ਸਿਰੇ ਤੋਂ ਨਬਿੇੜਾ ਕਰਨ ਬਾਰੇ ਵਿਚਾਰ ਕਰੇ। ਬੈਂਚ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੇਂ ਸਿਰੇ ਤੋਂ ਸਬੰਧਤ ਧਿਰਾਂ ਨੂੰ ਮੌਕਾ ਦੇਵੇ ਅਤੇ ਫਿਰ ਕਾਨੂੰਨ ਮੁਤਾਬਕ ਢੁੱਕਵਾਂ ਹੁਕਮ ਜਾਰੀ ਕਰੇ। ਸੁਪਰੀਮ ਕੋਰਟ ’ਚ ਪਹੁੰਚ ਕਰਨ ਵਾਲੀਆਂ ਧਿਰਾਂ ਨੂੰ 14 ਫਰਵਰੀ ਨੂੰ ਟ੍ਰਿਬਿਊਨਲ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਐੱਨਜੀਟੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਉਸ ਦਿਨ ਸੁਣਵਾਈ ਕਰੇ ਜਾਂ ਕੋਈ ਹੋਰ ਤਰੀਕ ਦੇਵੇ। ਸੁਪਰੀਮ ਕੋਰਟ ਵੱਲੋਂ ਤਾਮਿਲ ਨਾਡੂ ਫਾਇਰਵਰਕਸ ਐਂਡ ਐਮੋਰਸਿਸ ਮੈਨੂੰਫੈਕਚਰਰਜ਼ ਐਸੋਸੀਏਸ਼ਨ ਵੱਲੋਂ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਕੀਤੀ ਗਈ। ਐੱਨਜੀਟੀ ਨੇ ਹਾਈ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਕਮੇਟੀ ਵੀ ਬਣਾਈ ਸੀ ਅਤੇ ਨਿਰਦੇਸ਼ ਦਿੱਤੇ ਸਨ ਕਿ ਉਹ ਫੈਕਟਰੀ ’ਚ ਧਮਾਕੇ ਦੀ ਰਿਪੋਰਟ ਦੇਵੇ। ਆਤਿਸ਼ਬਾਜ਼ੀ ਫੈਕਟਰੀ ’ਚ ਧਮਾਕਾ ਪਿਛਲੇ ਸਾਲ 12 ਫਰਵਰੀ ਨੂੰ ਹੋਇਆ ਸੀ। -ਪੀਟੀਆਈ