ਨਵੀਂ ਦਿੱਲੀ, 18 ਜੂਨ
ਪੱਛਮੀ ਬੰਗਾਲ ਵਿਚ ਚੋਣਾਂ ਨਾਲ ਜੁੜੀ ਹਿੰਸਾ ਵਿਚ ਮਾਰੇ ਗਏ ਦੋ ਭਾਜਪਾ ਵਰਕਰਾਂ ਦੇ ਰਿਸ਼ਤੇਦਾਰਾਂ ਵੱਲੋਂ ਦਾਇਰ ਅਰਜ਼ੀ ’ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਜੱਜ ਇੰਦਰਾ ਬੈਨਰਜੀ ਨੇ ਖ਼ੁਦ ਨੂੰ ਵੱਖ ਕਰ ਲਿਆ ਹੈ। ਪਟੀਸ਼ਨ ਵਿਚ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਅਤੇ ਕੇਸ ਸੀਬੀਆਈ ਜਾਂ ਵਿਸ਼ੇਸ਼ ਜਾਂਚ ਟੀਮ ਹਵਾਲੇ ਕਰਨ ਦੀ ਮੰਗ ਕੀਤੀ ਗਈ ਸੀ। ਜਿਵੇਂ ਹੀ ਕੇਸ ਸੁਣਵਾਈ ਲਈ ਆਇਆ ਜਸਟਿਸ ਬੈਨਰਜੀ ਨੇ ਕਿਹਾ ‘ਮੈਨੂੰ ਇਹ ਮਾਮਲਾ ਸੁਣਨ ’ਚ ਕੋਈ ਮੁਸ਼ਕਲ ਹੈ। ਇਸ ਮਾਮਲੇ ਨੂੰ ਕਿਸੇ ਹੋਰ ਬੈਂਚ ਅੱਗੇ ਸੂਚੀਬੱਧ ਕਰਦੇ ਹਾਂ।’ ਬੈਂਚ ਵਿਚ ਜਸਟਿਸ ਐਮ.ਆਰ. ਸ਼ਾਹ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ 18 ਮਈ ਨੂੰ ਸੁਪਰੀਮ ਕੋਰਟ ਨੇ ਇਹ ਮਾਮਲਾ ਸੁਣਨ ਲਈ ਸਹਿਮਤੀ ਦੇ ਦਿੱਤੀ ਸੀ। ਕੇਂਦਰ ਤੇ ਪੱਛਮੀ ਬੰਗਾਲ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ ਸੀ। ਇਹ ਅਰਜ਼ੀ ਬਿਸਵਜੀਤ ਸਰਕਾਰ ਤੇ ਸਵਰਨਲਤਾ ਅਧਿਕਾਰੀ ਨੇ ਦਾਇਰ ਕੀਤੀ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਚੋਣ ਹਿੰਸਾ ਵਿਚ ਮਾਰੇ ਗਏ ਸਨ। -ਪੀਟੀਆਈ