ਨਵੀਂ ਦਿੱਲੀ, 26 ਮਾਰਚ
ਸੁਪਰੀਮ ਕੋਰਟ ਨੇ ਅੱਜ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਯੰਕਾ ਸਿੰਘ ਖ਼ਿਲਾਫ਼ ਅਦਾਕਾਰਾ ਰੀਆ ਚੱਕਰਵਰਤੀ ਦੀ ਸ਼ਿਕਾਇਤ ’ਤੇ ਬੰਬੇ ਹਾਈ ਕੋਰਟ ਵੱਲੋਂ ਮੁੰਬਈ ਪੁਲੀਸ ਨੂੰ ਕੇਸ ਦਰਜ ਕਰਨ ਦੇ ਦਿੱਤੇ ਹੁਕਮ ਨੂੰ ਰੱਦ ਕਰਨ ਲਈ ਦਾਖ਼ਲ ਕੀਤੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਚੀਫ ਜਸਟਿਸ ਐੱਸ.ਏ. ਬੋਬੜੇ, ਏ.ਐੱਸ ਬੋਪੰਨਾ ਅਤੇ ਵੀ. ਰਾਮਾਸੁਬਰਾਮਨੀਅਨ ਦੇ ਬੈਂਚ ਨੇ ਆਖਿਆ,‘‘ਅਸੀਂ ਇਸ ਪਟੀਸ਼ਨ ’ਤੇ ਸੁਣਵਾਈ ਕਰਨ ਦੇ ਇਛੁੱਕ ਨਹੀਂ ਹਾਂ।’’ ਪ੍ਰਿਯੰਕਾ ਸਿੰਘ ਦੇ ਵਕੀਲ ਵਿਕਾਸ ਸਿੰਘ ਨੇ ਆਖਿਆ ਕਿ ਮੀਡੀਆ ਰਿਪੋਰਟਾਂ ’ਚ ਲੱਗੇ ਦੋਸ਼ਾਂ ਦੀ ਜਾਂਚ ਕਰਵਾਉਣ ਲਈ ਹਾਈ ਕੋਰਟ ਵੱਲੋਂ ਆਪਣੀ ਤਾਕਤ ਨਹੀਂ ਵਰਤੀ ਗਈ।
ਪ੍ਰਿਯੰਕਾ ਸਿੰਘ ਨੇ ਪਟੀਸ਼ਨ ’ਚ ਆਖਿਆ ਕਿ ਰੀਆ ਦਾ ਕੇਸ ਮਹਿਜ਼ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਹੈ, ਜਿਨ੍ਹਾਂ ਦਾ ਕੋਈ ਸਰੋਤ ਜਾਂ ਪ੍ਰਮਾਣਿਕਤਾ ਨਹੀਂ ਹੈ। ਜਾਣਕਾਰੀ ਅਨੁਸਾਰ ਰੀਆ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਪ੍ਰਿਯੰਕਾ ਸਿੰਘ ਨੇ ਡਾ. ਤਰੁਣ ਕੁਮਾਰ ਨਾਲ ਮਿਲ ਕੇ ਉਸ ’ਤੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਪਾਬੰਦੀਸ਼ੁਦਾ ਦਵਾਈ ਦੇਣ ਦੇ ਝੂਠੇ ਦੋਸ਼ ਲਾਏ ਹਨ। -ਆਈਏਐੱਨਐੱਸ