ਨਵੀਂ ਦਿੱਲੀ, 28 ਜੂਨ
ਸੁਪਰੀਮ ਕੋਰਟ ਨੇ ਤਰੁਣ ਤੇਜਪਾਲ ਖ਼ਿਲਾਫ਼ ਜਿਨਸੀ ਹਮਲੇ ਦੇ ਕੇਸ ਵਿਚ ਸੁਣਵਾਈ ਬੰਦ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗੋਆ ਦੀ ਹੇਠਲੀ ਅਦਾਲਤ ਨੇ 21 ਮਈ ਨੂੰ ਪੱਤਰਕਾਰ ਤਰੁਣ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ। ਇਸ ਨੂੰ ਗੋਆ ਸਰਕਾਰ ਨੇ ਚੁਣੌਤੀ ਦਿੱਤੀ ਸੀ। ਗੋਆ ਸਰਕਾਰ ਨੇ ਪਹਿਲੇ ਮੁਕੱਦਮੇ ਦਾ ਸਮਾਂ ਵਧਾਉਣ ਦੀ ਮੰਗ ਕਰਦਿਆਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ, ਪਰ ਸੁਪਰੀਮ ਕੋਰਟ ਨੇ ਅੱਜ ਇਸ ਮਾਮਲੇ ਵਿਚ ਸਮਾਂ-ਸੀਮਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਤੇ ਕੇਸ ਨੂੰ ਬੰਦ ਕਰ ਕੇ ਆਪਣਾ ਫ਼ੈਸਲਾ ਸੁਣਾ ਦਿੱਤਾ। ਜਸਟਿਸ ਅਸ਼ੋਕ ਭੂਸ਼ਣ, ਵਿਨੀਤ ਸਰਨ ਤੇ ਐਮ.ਆਰ. ਸ਼ਾਹ ਦੇ ਬੈਂਚ ਨੇ ਮਾਮਲੇ ਨੂੰ ਬੰਦ ਕਰਦਿਆਂ ਕਿਹਾ ਕਿ ‘ਮੁਕੱਦਮਾ ਸਮਾਪਤ ਹੋ ਗਿਆ ਹੈ, ਹੁਣ ਇਸ ਨੂੰ ਹੋਰ ਅੱਗੇ ਵਧਾਉਣ ਲਈ ਕਿਸੇ ਹੁਕਮ ਦੀ ਲੋੜ ਨਹੀਂ ਹੈ।’ ਜ਼ਿਕਰਯੋਗ ਹੈ ਕਿ ‘ਤਹਿਲਕਾ’ ਰਸਾਲੇ ਦੇ ਸਾਬਕਾ ਸੰਪਾਦਕ ਤੇਜਪਾਲ ਉਤੇ ਇਕ ਹੋਟਲ ਦੀ ਲਿਫਟ ਵਿਚ ਆਪਣੀ ਤਤਕਾਲੀ ਮਹਿਲਾ ਸਹਿਯੋਗੀ ’ਤੇ ਜਿਨਸੀ ਹਮਲਾ ਕਰਨ ਦਾ ਦੋਸ਼ ਲਾਇਆ ਗਿਆ ਸੀ। -ਪੀਟੀਆਈ