ਨਵੀਂ ਦਿੱਲੀ, 21 ਫਰਵਰੀ
ਸੁਪਰੀਮ ਕੋਰਟ ਉਸ ਪਟੀਸ਼ਨ ਨੂੰ ਸੁਣਵਾਈ ਲਈ ਸੂਚੀਬੱਧ ਕਰਨ ਲਈ ਰਾਜ਼ੀ ਹੋ ਗਿਆ ਹੈ ਜਿਸ ’ਚ ਮੰਗ ਕੀਤੀ ਗਈ ਹੈ ਕਿ ਸੀਬੀਐੱਸਈ ਅਤੇ ਹੋਰ ਬੋਰਡਾਂ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸਕੂਲਾਂ ’ਚ ਨਾ ਕਰਵਾਈਆਂ ਜਾਣ। ਚੀਫ਼ ਜਸਟਿਸ ਐੱਨ ਵੀ ਰਾਮੰਨਾ, ਜਸਟਿਸ ਏ ਐੱਸ ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਅਰਜ਼ੀ ਨੂੰ ਫੌਰੀ ਸੂਚੀਬੱਧ ਕਰਨ ਲਈ ਇਕ ਵਕੀਲ ਦੀ ਬੇਨਤੀ ’ਤੇ ਵਿਚਾਰ ਕੀਤਾ। ਅਰਜ਼ੀ ’ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਬੋਰਡ ਦੀਆਂ ਆਫ਼ਲਾਈਨ ਪ੍ਰੀਖਿਆਵਾਂ ਨਹੀਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਬੈਂਚ ਨੇ ਕਿਹਾ ਕਿ ਕੇਸ ਨੂੰ ਜਸਟਿਸ ਏ ਐੱਮ ਖਾਨਵਿਲਕਰ ਦੇ ਬੈਂਚ ਕੋਲ ਜਾਣ ਦਿਉ। ਵਕੀਲ ਨੇ ਕਾਰਕੁਨ ਅਨੁਭਾ ਸ੍ਰੀਵਾਸਤਵ ਸਹਾਏ ਵੱਲੋਂ ਦਾਖ਼ਲ ਅਰਜ਼ੀ ਦਾ ਵੀ ਜ਼ਿਕਰ ਕੀਤਾ। -ਪੀਟੀਆਈ