ਨਵੀਂ ਦਿੱਲੀ, 24 ਅਕਤੂਬਰ
ਭਾਰਤੀ ਸੈਨਾ ਦੇ ਚੋਟੀ ਦੇ ਕਮਾਂਡਰ ਭਲਕ ਤੋਂ ਸ਼ੁਰੂ ਹੋ ਰਹੇ ਚਾਰ ਦਿਨਾ ਸੰਮੇਲਨ ਵਿਚ ਪੂਰਬੀ ਲੱਦਾਖ ਤੇ ਚੀਨ ਨਾਲ ਐਲਏਸੀ ਨਾਲ ਲੱਗੇ ਹੋਰ ਸੰਵੇਦਨਸ਼ੀਲ ਖੇਤਰਾਂ ਸਣੇ ਦੇਸ਼ ਦੀਆਂ ਸੁਰੱਖਿਆ ਚੁਣੌਤੀਆਂ ਦੀ ਡੂੰਘੀ ਸਮੀਖਿਆ ਕਰਨਗੇ। ਸੂਤਰਾਂ ਮੁਤਾਬਕ ਸੈਨਾ ਕਮਾਂਡਰ ਪਿਛਲੇ ਕੁਝ ਹਫ਼ਤਿਆਂ ਵਿਚ ਜੰਮੂ ਕਸ਼ਮੀਰ ’ਚ ਆਮ ਨਾਗਰਿਕਾਂ ਦੀਆਂ ਹੱਤਿਆਵਾਂ ਦੀਆਂ ਘਟਨਾਵਾਂ ਦੇ ਪਿਛੋਕੜ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੁਰੱਖਿਆ ਹਾਲਾਤ ਉਤੇ ਵੀ ਵਿਚਾਰ-ਚਰਚਾ ਕਰਨਗੇ।
ਅਧਿਕਾਰੀਆਂ ਨੇ ਦੱਸਿਆ ਕਿ ਥਲ ਸੈਨਾ ਮੁਖੀ ਜਰਨਲ ਐਮ.ਐਮ. ਨਰਵਾਣੇ ਤੇ ਚੋਟੀ ਦੇ ਕਮਾਂਡਰ ਪੂਰਬੀ ਲੱਦਾਖ ਵਿਚ ਦੇਸ਼ ਦੀਆਂ ਜੰਗੀ ਤਿਆਰੀਆਂ ਦੀ ਸਮੀਖਿਆ ਕਰਨਗੇ ਜਿੱਥੇ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ 17 ਮਹੀਨਿਆਂ ਤੋਂ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਦੋਵਾਂ ਧਿਰਾਂ ਨੇ ਟਕਰਾਅ ਵਾਲੀਆਂ ਕਈ ਥਾਵਾਂ ਤੋਂ ਫ਼ੌਜ ਦੀ ਪੂਰੀ ਤਰ੍ਹਾਂ ਵਾਪਸੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਫ਼ੌਜੀ ਕਮਾਂਡਰ ਅਫ਼ਗਾਨਿਸਤਾਨ ਉਤੇ ਤਾਲਿਬਾਨ ਦੇ ਕਬਜ਼ੇ ਦੇ ਭਾਰਤ ਅਤੇ ਖੇਤਰੀ ਸੁਰੱਖਿਆ ’ਤੇ ਸੰਭਾਵੀ ਅਸਰਾਂ ਉਤੇ ਵੀ ਚਰਚਾ ਕਰ ਸਕਦੇ ਹਨ। ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ 2021 ਦਾ ਦੂਜਾ ਫ਼ੌਜੀ ਕਮਾਂਡਰ ਸੰਮੇਲਨ 25 ਤੋਂ 28 ਅਕਤੂਬਰ ਤੱਕ ਨਵੀਂ ਦਿੱਲੀ ਵਿਚ ਹੋਵੇਗਾ। ਇਹ ਸੰਮੇਲਨ ਸਾਲ ਵਿਚ ਦੋ ਵਾਰ- ਅਪਰੈਲ ਤੇ ਅਕਤੂਬਰ ਵਿਚ ਹੁੰਦਾ ਹੈ। ਸੈਨਾ ਨੇ ਕਿਹਾ ‘ਭਾਰਤੀ ਫ਼ੌਜ ਦੇ ਕਮਾਂਡਰ ਮੌਜੂਦਾ ਤੇ ਉੱਭਰਦੇ ਸੁਰੱਖਿਆ ਤੇ ਪ੍ਰਸ਼ਾਸਨਿਕ ਪਹਿਲੂਆਂ ਉਤੇ ਮੰਥਨ ਕਰਨਗੇ ਤਾਂ ਕਿ ਸਰਹੱਦ ਦੇ ਹਾਲਾਤ ਤੇ ਕਰੋਨਾ ਮਹਾਮਾਰੀ ਦੀਆਂ ਚੁਣੌਤੀਆਂ ਦੇ ਪਿਛੋਕੜ ਵਿਚ ਭਾਰਤੀ ਸੈਨਾ ਦੀ ਭਵਿੱਖੀ ਕਾਰਵਾਈ ਤੈਅ ਹੋ ਸਕੇ। ਰੱਖਿਆ ਮੰਤਰੀ ਰਾਜਨਾਥ ਸਿੰਘ ਸੈਨਾ ਦੇ ਕਮਾਂਡਰਾਂ ਨਾਲ ਸੰਵਾਦ ਕਰਨਗੇ। ਸੀਡੀਐੱਸ ਜਨਰਲ ਬਿਪਿਨ ਰਾਵਤ, ਐਡਮਿਰਲ ਕਰਮਬੀਰ ਸਿੰਘ ਤੇ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਵੀ ਇਸ ਮੌਕੇ ਸੰਬੋਧਨ ਕਰ ਸਕਦੇ ਹਨ। -ਪੀਟੀਆਈ