ਪੱਤਰ ਪ੍ਰੇਰਕ
ਫਰੀਦਾਬਾਦ, 17 ਫਰਵਰੀ
ਦਿੱਲੀ-ਆਗਰਾ ਮਾਰਗ ਨੇੜੇ ਆਪਣੀ ਪੱਧਰ ’ਤੇ ਧਰਨਾ ਦੇ ਰਹੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ‘ਰੇਲ ਰੋਕੋ’ ਅੰਦੋਲਨ ਬਾਰੇ 18 ਫਰਵਰੀ ਨੂੰ ਮੌਕੇ ਮੁਤਾਬਕ ਫ਼ੈਸਲਾ ਕੀਤਾ ਜਾਵੇਗਾ। ਹਾਲਾਂਕਿ ਅੱਜ ਖ਼ਬਰ ਲਿਖੇ ਜਾਣ ਤਕ ਕਿਸਾਨਾਂ ਵੱਲੋਂ ਕੋਈ ਫ਼ੈਸਲਾ ਨਹੀਂ ਸੀ ਲਿਆ ਗਿਆ। ਕਿਸਾਨਾਂ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਇੱਥੇ 1 ਫਰਵਰੀ ਤੋਂ ਫਿਰ ਮੋਰਚਾ ਲਾ ਲਿਆ ਸੀ ਜਦੋਂ ਮੱਧ ਪ੍ਰਦੇਸ਼ ਦੇ ਕਿਸਾਨ 26 ਜਨਵਰੀ ਦੀਆਂ ਘਟਨਾਵਾਂ ਮਗਰੋਂ ਆਪਣੇ ਸੂਬੇ ਨੂੰ ਪਰਤ ਗਏ ਸਨ। ਦੂਜੇ ਪਾਸੇ ਪਲਵਲ ਸ਼ਹਿਰ ਦਿੱਲੀ-ਮੁੰਬਈ ਰੇਲ ਮਾਰਗ ਦੇ ਨੇੜੇ ਹੋਣ ਕਰਕੇ ਇਸ ਮਾਰਗ ’ਤੇ ਰੇਲ ਆਵਾਜਾਈ ਅਸਰਅੰਦਾਜ਼ ਹੋਣ ਦੇ ਖ਼ਦਸ਼ੇ ਪੈਦਾ ਹੋ ਗਏ ਹਨ। ਕਿਸਾਨਾਂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚੇਤਾਇਆ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਛੇਤੀ ਮੰਨ ਲਵੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ। ਇੱਥੇ ਹੁਣ ਪਲਵਲ ਤੇ ਹੋਰ ਨੇੜੇ ਦੇ ਇਲਾਕਿਆਂ ਤੋਂ ਕਿਸਾਨ ਸ਼ਾਮਲ ਹੋ ਰਹੇ ਹਨ।