ਮੁੰਬਈ, 13 ਅਪਰੈਲ
ਮੁੰਬਈ ਪੁਲੀਸ ਨੇ ਆਪਣੇ ਮੁਅੱਤਲ ਪੁਲੀਸ ਕਰਮੀ ਸਚਿਨ ਵਜ਼ੇ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੀ ਕਾਰਵਾਈ ਆਰੰਭ ਦਿੱਤੀ ਹੈ। ਵਜ਼ੇ ਨੂੰ ਐਨਆਈਏ ਨੇ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਮਿਲੇ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੇ ਵਾਹਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਇਸੇ ਮਾਮਲੇ ’ਚ ਕਾਰੋਬਾਰੀ ਮਨਸੁਖ ਹੀਰੇਨ ਦੀ ਹੱਤਿਆ ਵੀ ਹੋਈ ਸੀ। ਐਨਆਈਏ ਨੇ ਸਹਾਇਕ ਪੁਲੀਸ ਇੰਸਪੈਕਟਰ ਵਜ਼ੇ ਨੂੰ 13 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ।
ਮੁੰਬਈ ਪੁਲੀਸ ਨੇ ਹਾਲ ਹੀ ਵਿਚ ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੂੰ ਪੱਤਰ ਲਿਖ ਕੇ ਕੇਸ ਨਾਲ ਜੁੜੇ ਦਸਤਾਵੇਜ਼ ਮੰਗੇ ਸਨ। ਇਸ ਵਿਚ ਹੀਰੇਨ ਦੀ ਪਤਨੀ ਵੱਲੋਂ ਵਜ਼ੇ ਬਾਰੇ ਦਿੱਤੇ ਬਿਆਨ ਅਤੇ ਕਾਰੋਬਾਰੀ ਦੀ ਹੱਤਿਆ ਨਾਲ ਜੁੜੀ ਐਫਆਈਆਰ ਵੀ ਸੀ। ਏਟੀਐੱਸ ਨੇ ਦਸਤਾਵੇਜ਼ ਮੁੰਬਈ ਪੁਲੀਸ ਨੂੰ ਦੇ ਦਿੱਤੇ ਸਨ। ਏਟੀਐੱਸ ਦੀ ਵਿਸ਼ੇਸ਼ ਬਰਾਂਚ ਨੇ ਮੁੰਬਈ ਪੁਲੀਸ ਨੂੰ ਇਹ ਦਸਤਾਵੇਜ਼ ਸੌਂਪੇ ਸਨ। ਵਿਸ਼ੇਸ਼ ਸ਼ਾਖਾ ਨੇ ਇਹੀ ਜਾਣਕਾਰੀ ਐਨਆਈਏ ਕੋਲੋਂ ਵੀ ਮੰਗੀ ਸੀ। ਦਸਤਾਵੇਜ਼ ਮਿਲਣ ਤੋਂ ਬਾਅਦ ਵਜ਼ੇ ਨੂੰ ਸੰਵਿਧਾਨ ਦੀ ਧਾਰਾ 311 ਤਹਿਤ ਬਰਖਾਸਤ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ। -ਪੀਟੀਆਈ
ਔਰੰਗਾਬਾਦ ਤੋਂ ਚੋਰੀ ਹੋਏ ਵਾਹਨ ’ਚ ਹੀਰੇਨ ਦੇ ਕਤਲ ਦਾ ਸ਼ੱਕ
ਮੁੰਬਈ: ਠਾਣੇ ਦੇ ਕਾਰੋਬਾਰੀ ਮਨਸੁਖ ਹੀਰੇਨ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਪਿਛਲੇ ਸਾਲ ਨਵੰਬਰ ’ਚ ਔਰੰਗਾਬਾਦ ਤੋਂ ਚੋਰੀ ਹੋਈ ਮਾਰੂਤੀ ਈਕੋ ਕਾਰ ’ਚ ਉਸ ਦਾ ਕਤਲ ਕੀਤਾ ਗਿਆ ਹੋ ਸਕਦਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹੀਰੇਨ ਦੀ ਕਥਿਤ ਹੱਤਿਆ ਨਾਲ ਸਬੰਧਤ ਮਾਮਲੇ ਦੀ ਪਹਿਲਾਂ ਜਾਂਚ ਕਰ ਚੁੱਕੇ ਮਹਾਰਾਸ਼ਟਰ ਏਟੀਐੱਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਠਾਣੇ ਜ਼ਿਲ੍ਹੇ ’ਚ ਹੀਰੇਨ ਦੀ ਲਾਸ਼ ਮਿਲਣ ਤੋਂ ਇੱਕ ਦਿਨ ਪਹਿਲਾਂ ਚਾਰ ਮਾਰਚ ਨੂੰ ਈਕੋ ਕਾਰ ਇੱਕ ਹੋਰ ਕਾਰ ਨਾਲ ਦਿਖਾਈ ਦਿੱਤੀ ਸੀ। ਅਜਿਹਾ ਸ਼ੱਕ ਹੈ ਕਿ ਉਹ ਕਾਰ ਮੁੰਬਈ ਪੁਲੀਸ ਦਾ ਸਾਬਕਾ ਅਧਿਕਾਰੀ ਸਚਿਨ ਵਜ਼ੇ ਚਲਾ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਹੀਰੇਨ ਨੂੰ ਉਸ ਵਾਹਨ ’ਚ ਬਿਠਾਈ ਰੱਖਿਆ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਈਕੋ ਕਾਰ ਦਾ ਪਤਾ ਲੱਗਣਾ ਅਜੇ ਬਾਕੀ ਹੈ। ਹੋ ਸਕਦਾ ਹੈ ਕਿ ਦੋਸ਼ੀਆਂ ਨੇ ਸਬੂਤ ਮਿਟਾਉਣ ਲਈ ਉਸ ਨੂੰ ਨਸ਼ਟ ਕਰ ਦਿੱਤਾ ਹੋਵੇ। -ਪੀਟੀਆਈ