ਨਵੀਂ ਦਿੱਲੀ: ਹੈਦਰਾਬਾਦ ਸਥਿਤ ਈਸੀਆਈਸੀ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡੀਨ ਐੱਮ. ਸ੍ਰੀਨਿਵਾਸ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ), ਦਿੱਲੀ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਡਾ. ਸ੍ਰੀਨਿਵਾਸ ਵੱਲੋਂ ਡਾ. ਰਣਦੀਪ ਗੁਲੇਰੀਆ ਦੀ ਥਾਂ ਲਈ ਜਾਵੇਗੀ, ਜੋ ਮਾਰਚ 2017 ਤੋਂ ਏਮਸ ਦਿੱਲੀ ਦੇ ਡਾਇਰੈਕਟਰ ਹਨ। ਡਾ. ਸ੍ਰੀਨਿਵਾਸ 2016 ਵਿੱਚ ਈਸੀਆਈਸੀ ਹਸਪਤਾਲ ਅਤੇ ਮੈਡੀਕਲ ਕਾਲਜ, ਹੈਦਰਾਬਾਦ ਜਾਣ ਤੋਂ ਪਹਿਲਾਂ ਏਮਸ ਦਿੱਲੀ ਵਿੱਚ ਬਾਲ ਸਰਜਰੀ ਵਿਭਾਗ ਵਿੱਚ ਪ੍ਰੋਫੈਸਰ ਸਨ। ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਡਾ. ਸ੍ਰੀਨਿਵਾਸ ਦੀ ਏਮਸ ਨਵੀਂ ਦਿੱਲੀ ਦੇ ਡਾਇਰੈਕਟਰ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹੁਕਮਾਂ ਅਨੁਸਾਰ, “ਇਹ ਨਿਯੁਕਤੀ ਉਨ੍ਹਾਂ ਦੇ ਅਹੁਦਾ ਸੰਭਾਲਣ ਦੇ ਦਿਨ ਤੋਂ ਪੰਜ ਸਾਲਾਂ ਲਈ ਜਾਂ 65 ਸਾਲ ਦੀ ਉਮਰ ਪੂਰੀ ਹੋਣ ਤੱਕ ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਜਾਰੀ ਰਹੇਗੀ।” -ਪੀਟੀਆਈ