ਨੋਇਡਾ, 9 ਅਗਸਤ
ਇਥੇ ਹਾਊਸਿੰਗ ਸੁਸਾਇਟੀ ਵਿੱਚ ਕਥਿਤ ਗੈਰਕਾਨੂੰਨੀ ਉਸਾਰੀਆਂ ਦਾ ਵਿਰੋਧ ਕਰਨ ਵਾਲੀ ਮਹਿਲਾ ਨਾਲ ਬਦਸਲੂਕੀ ਅਤੇ ਉਸ ਉੱਤੇ ਹਮਲਾ ਕਰਨ ਵਾਲੇ ਸਿਆਸਤਦਾਨ ਸ੍ਰੀਕਾਂਤ ਤਿਆਗੀ ਨੂੰ ਪੁਲੀਸ ਨੇ ਅੱਜ ਮੇਰਠ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮਹਿਲਾ ਨੇ ਤਿਆਗੀ ਦੇ ਸੁਸਾਇਟੀ ਵਿਚਲੇ ਫਲੈਟ ਦੇ ਬਾਹਰ ਕੀਤੀ ਨਾਜਾਇਜ਼ ਉਸਾਰੀ ਦਾ ਵਿਰੋਧ ਕੀਤਾ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਤਿਆਗੀ, ਜੋ ਖੁ਼ਦ ਨੂੰ ਭਾਜਪਾ ਆਗੂ ਦੱਸਦਾ ਸੀ, ਮਹਿਲਾ ਨੂੰ ਗਾਲ੍ਹਾਂ ਕੱਢਦਾ ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਤਿਆਗੀ ਸ਼ੁੱਕਰਵਾਰ ਸ਼ਾਮ ਤੋਂ ਫ਼ਰਾਰ ਸੀ ਤੇ ਨੋਇਡਾ ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਲਈ 25000 ਰੁਪਏ ਦਾ ਇਨਾਮ ਰੱਖਿਆ ਸੀ। ਨੋਇਡਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਤਿਆਗੀ ਦੇ ਫਲੈਟ ਬਾਹਰ ਬੁਲਡੋਜ਼ਰ ਚਲਾ ਕੇ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਸਨ।
ਯੂਪੀ ਪੁਲੀਸ ਦੇ ਵਧੀਕ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਲਖਨਊ ਵਿੱਚ ਕਿਹਾ ਕਿ ਤਿਆਗੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਯੂਪੀ ਪੁਲੀਸ ਵੱਲੋਂ ਤਿਆਗੀ ਨੂੰ ਸੁਰੱਖਿਆ ਦੇਣ ਨਾਲ ਜੁੜੇ ਵਿਵਾਦ ਬਾਰੇ ਕੁਮਾਰ ਨੇ ਕਿਹਾ ਕਿ ਫਰਵਰੀ 2020 ਮਗਰੋਂ ਉਸ ਨੂੰ ਅਜਿਹੀ ਕੋਈ ਸੁਰੱਖਿਆ ਨਹੀਂ ਦਿੱਤੀ ਗਈ। ਨੋਇਡਾ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਤਿਆਗੀ ਨਾਲ ਉਸ ਦੇ ਤਿੰਨ ਸਹਿਯੋਗੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।’’ ਅਧਿਕਾਰੀਆਂ ਮੁਤਾਬਕ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਪਹਿਲਾਂ ਤਿਆਗੀ ਦੀ ਪਤਨੀ ਤੋਂ ਅੱਜ ਸਵੇਰੇ, ਫੇਜ਼ 2 ਪੁਲੀਸ ਸਟੇਸ਼ਨ ਵਿੱਚ ਦਰਜ ਕੇਸ ਦੇ ਸਬੰਧ ਵਿੱਚ ਪੁੱਛ-ਪੜਤਾਲ ਕੀਤੀ ਗਈ ਹੈ। ਸ਼ੁੱਕਰਵਾਰ ਤੋਂ ਫ਼ਰਾਰ ਤਿਆਗੀ ਨੇ ਸੋਮਵਾਰ ਨੂੰ ਗੌਤਮ ਬੁੱਧ ਨਗਰ ਜ਼ਿਲ੍ਹੇ ਦੀ ਕੋਰਟ ਦਾ ਰੁਖ਼ ਕਰਦਿਆਂ ਆਤਮ-ਸਮਰਪਣ ਕੀਤੇ ਜਾਣ ਲਈ ਅਰਜ਼ੀ ਦਿੱਤੀ ਸੀ। -ਪੀਟੀਆਈ