ਨਵੀਂ ਦਿੱਲੀ, 30 ਮਈ
ਆਰਮੀ ਸਟਾਫ਼ ਦੇ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਅੱਜ ਕਿਹਾ ਕਿ ਕੁਝ ਮੁਲਕ ਕੁਆਡ ਨੂੰ ਫੌਜੀ ਗੱਠਜੋੜ ਦੱਸ ਦੇ ਡਰ ਫੈਲਾ ਰਹੇ ਹਨ ਜਦਕਿ ਉਨ੍ਹਾਂ ਕੋਲ ਆਪਣੇ ਦਾਅਵਿਆਂ ਲਈ ਕੋਈ ਸਬੂਤ ਨਹੀਂ ਹੈ।
ਜਨਰਲ ਨਰਵਾਣੇ ਨੇ ਕਿਹਾ ਕਿ ਕੁਆਡ ਦਾ ਮਕਸਦ ਕੋਈ ਫੌਜੀ ਗੱਠਜੋੜ ਬਣਾਉਣਾ ਨਹੀਂ ਬਲਕਿ ਇਸ ਦਾ ਮਕਸਦ ਹਿੰਦ-ਪ੍ਰਸ਼ਾਂਤ ਖੇਤਰ ਦੇ ਮਸਲਿਆਂ ਨੂੰ ਬਹੁਲਵਾਦ ਦੇ ਆਧਾਰ ’ਤ ਹੱਲ ਕਰਨਾ ਹੈ। ਜ਼ਿਕਰਯੋਗ ਹੈ ਕਿ ਕੁਆਡ ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਵੱਲੋਂ ਮਿਲ ਕੇ ਬਣਾਇਆ ਗਿਆ ਸਮੂਹ ਹੈ ਜਿਸ ਦਾ ਮਕਸਦ ਹਿੰਦ-ਪ੍ਰਸ਼ਾਂਤ ਨੂੰ ਮੁਕਤ ਤੇ ਖੁੱਲ੍ਹਾ ਖੇਤਰ ਬਣਾਉਣਾ ਹੈ ਕਿ ਇੱਥੇ ਚੀਨ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਨੂੰ ਰੋਕਣਾ ਹੈ। ਜਨਰਲ ਨਰਵਾਣੇ ਨੇ ਕਿਹਾ, ‘ਕੁਆਡ ਦਾ ਨਾ ਫੌਜੀ ਗੱਠਜੋੜ ਬਣਾਉਣ ਦਾ ਕੋਈ ਵਿਚਾਰ ਹੈ ਤੇ ਨਾ ਹੀ ਇਹ ਅਜਿਹੀ ਕੋਸ਼ਿਸ਼ ਕਰੇਗਾ। ਇਸ ਦਾ ਮਕਸਦ ਬਹੁਲਵਾਦ ਦੇ ਆਧਾਰ ’ਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਮਸਲਿਆਂ ਵੱਲ ਧਿਆਨ ਦੇਣਾ ਹੈ।’ ਉਨ੍ਹਾਂ ਕਿਹਾ ਕਿ ਕੁਝ ਮੁਲਕ ਕੁਆਡ ਨੂੰ ਇੱਕ ਫੌਜੀ ਗੱਠਜੋੜ ਦਸ ਦੇ ਡਰ ਫੈਲਾ ਰਹੇ ਹਨ। ਜ਼ਿਕਰਯੋਗ ਹੈ ਕਿ ਰੂਸ ਨੇ ਵੀ ਪਿੱਛੇ ਜਿਹੇ ਕੁਆਡ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਇਸ ਕਦਮ ਨਾਲ ਖੇਤਰ ’ਚ ਅਮਨ ਤੇ ਸਥਿਰਤਾ ਲਈ ਚੱਲ ਰਹੀਆਂ ਕੋਸ਼ਿਸ਼ਾਂ ਪ੍ਰਭਾਵਿਤ ਹੋਣਗੀਆਂ। -ਪੀਟੀਆਈ
ਭਾਰਤੀ ਹਵਾਈ ਸੈਨਾ ਦਾ ਆਧੁਨਿਕੀਕਰਨ ਸਹੀ ਰਾਹ ’ਤੇ
ਜਨਰਲ ਨਰਵਾਣੇ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਦਾ ਆਧੁਨਿਕੀਕਰਨ ਸਹੀ ਰਾਹ ’ਤੇ ਹੈ। ਉਨ੍ਹਾਂ ਅਜਿਹੇ ਖਦਸ਼ਿਆਂ ਨੂੰ ਰੱਦ ਕਰ ਦਿੱਤਾ ਕਿ ਅਸਲ ਕੰਟਰੋਲ ਰੇਖਾ ਦੀ ਰਾਖੀ ਲਈ ਜ਼ਿਆਦਾ ਖਰਚ ਕੀਤੇ ਜਾਣ ਨਾਲ ਭਾਰਤੀ ਸੈਨਾ ਲਈ ਨਵੇਂ ਹਥਿਆਰ ਖਰੀਦਣ ਲਈ ਫੰਡਾਂ ਦੀ ਤੋਟ ਬਣ ਜਾਵੇਗੀ। ਜਨਰਲ ਨਰਵਾਣੇ ਨੇ ਕਿਹਾ ਕਿ ਲੰਘੇ ਵਿੱਤੀ ਵਰ੍ਹੇ ’ਚ ਫੌਜ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਤਕਰੀਬਨ 21 ਹਜ਼ਾਰ ਕਰੋੜ ਰੁਪਏ ਦੇ 59 ਸਮਝੌਤੇ ਕੀਤੇ ਗਏ ਹਨ ਜਦਕਿ ਹੋਰ ਕਈ ਤਜਵੀਜ਼ਾਂ ਪ੍ਰਕਿਰਿਆ ਅਧੀਨ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਦੇ ਆਧੁਨਿਕੀਕਰਨ ਦਾ ਕੰਮ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਚੱਲ ਰਿਹਾ ਹੈ ਅਤੇ ਸਰਕਾਰ ਵੱਲੋਂ ਹਰ ਜ਼ਰੂਰਤ ਪੂਰੀ ਕੀਤੀ ਜਾ ਰਹੀ ਹੈ। -ਪੀਟੀਆਈ