ਸ੍ਰੀਨਗਰ, 22 ਅਪਰੈਲ
ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ’ਚ ਅੱਜ ਤਾਜ਼ਾ ਬਰਫ਼ਬਾਰੀ ਹੋਈ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ ਹੈ। ਬਰਫ਼ਬਾਰੀ ਤੇ ਮੀਂਹ ਨਾਲ ਕਸ਼ਮੀਰ ਘਾਟੀ ਦੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਸਥਿਤ ਵਿਸ਼ਵ ਪ੍ਰਸਿੱਧ ਸਕੀ ਰਿਜ਼ੌਰਟ ਗੁਲਮਰਗ ’ਚ ਵੀ ਅੱਜ ਤਾਜ਼ਾ ਬਰਫ਼ਬਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਆਖਰੀ ਸੂਚਨਾ ਮਿਲਣ ਤੱਕ ਗਾਂਦਰਬਲ ਦੇ ਸੋਨਮਰਗ ਅਤੇ ਕੁਪਪਾੜ ਦੇ ਮਾਛੀਲ ਸੈਕਟਰ ਬਰਫ਼ਬਾਰੀ ਹੋ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਦੇ ਉਚਾਈ ਵਾਲੇ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਹੋਣ ਦੇ ਨਾਲ ਨਾਲ ਕਸ਼ਮੀਰ ਘਾਟੀ ਦੇ ਮੈਦਾਨੀ ਇਲਾਕਿਆਂ ’ਚ ਅੱਜ ਸਵੇਰੇ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਭਲਕੇ ਦੀ ਸਥਿਤੀ ਅਜਿਹੀ ਹੀ ਬਣੀ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਕੇਲਾਂਗ ’ਚ ਵੀ ਤਾਜ਼ਾ ਬਰਫ਼ਬਾਰੀ ਹੋਈ ਹੈ। -ਏਜੰਸੀ