ਮੁੰਬਈ, 24 ਜੂਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਧੜੇ ਵੱਲੋਂ ਕਈ ਬਾਗੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਦੇ ਮੱਦੇਨਜ਼ਰ ਪਾਰਟੀ ਵਿਰੁੱਧ ਬਗ਼ਾਵਤ ਦੀ ਅਗਵਾਈ ਕਰ ਰਹੇ ਰਾਜ ਦੇ ਮੰਤਰੀ ਏਕਨਾਥ ਸ਼ਿੰਦੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਅਗਵਾਈ ਹੇਠਲਾ ਧੜਾ ਹੀ ‘ਅਸਲੀ ਸ਼ਿਵ ਸੈਨਾ’ ਹੈ। ਸ੍ਰੀ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਯੋਗ ਠਹਿਰਾਉਣ ਦੀਆਂ ਧਮਕੀਆਂ ਤੋਂ ਡਰਾਇਆ ਨਹੀਂ ਜਾ ਸਕਦਾ। ਸ਼ਿਵ ਸੈਨਾ ਦੇ 37 ਵਿਧਾਇਕਾਂ ਅਤੇ 10 ਆਜ਼ਾਦ ਉਮੀਦਵਾਰਾਂ ਦੇ ਨਾਲ ਗੁਹਾਟੀ ‘ਚ ਡੇਰੇ ਲਗਾਈ ਬੈਠੇ ਸ਼ਿੰਦੇ ਨੇ ਵੀਰਵਾਰ ਦੇਰ ਰਾਤ ਕਿਹਾ ਕਿ ਸੰਵਿਧਾਨ ਦੀ 10ਵੀਂ ਅਨੁਸੂਚੀ ਮੁਤਾਬਕ ਪਾਰਟੀ ਦਾ ਵ੍ਹਿਪ ਮੀਟਿੰਗਾਂ ‘ਚ ਸ਼ਾਮਲ ਹੋਣ ਲਈ ਨਹੀਂ, ਸਗੋਂ ਵਿਧਾਨਕ ਕਾਰਵਾਈਆਂ ਦੇ ਸਬੰਧ ‘ਚ ਜਾਰੀ ਕੀਤਾ ਜਾਂਦਾ ਹੈ।