ਨਵੀਂ ਦਿੱਲੀ: ਜਾਮੀਆ ਮਿਲੀਆ ਇਸਲਾਮੀਆ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਸੀਏਏ ਤੇ ਐੱਨਆਰਸੀ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਕਥਿਤ ਭੜਕਾਊ ਤਕਰੀਰਾਂ ਦੇਣ ਦੇ ਦੋਸ਼ ਵਿੱਚ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤੇ ਦੇਸ਼ਧ੍ਰੋਹ ਕਾਨੂੰਨ ਤਹਿਤ ਗ੍ਰਿਫ਼ਤਾਰ ਜੇਐੱਨਯੂ ਵਿਦਿਆਰਥੀ ਸ਼ਰਜੀਲ ਇਮਾਮ ਨੇ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਹੈ। ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਦੀ ਕੋਰਟ ਵਿੱਚ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਮਾਮ ਨੇ ਦਾਅਵਾ ਕੀਤਾ ਕਿ ਉਹ ਅਮਨ ਪਸੰਦ ਨਾਗਰਿਕ ਹੈ ਤੇ ਕਦੇ ਵੀ ਹਿੰਸਾ ਨੂੰ ਹਵਾ ਦੇਣ ਦੀਆਂ ਸਰਗਰਮੀਆਂ ’ਚ ਸ਼ੁਮਾਰ ਨਹੀਂ ਰਿਹਾ। ਸੁਣਵਾਈ ਦੌਰਾਨ ਇਮਾਮ ਦੇ ਵਕੀਲ ਤਨਵੀਰ ਅਹਿਮਦ ਮੀਰ ਨੇ ਆਪਣੇ ਮੁਵੱਕਿਲ ਦੀਆਂ ਤਕਰੀਰਾਂ ਨੂੰ ਵੀ ਪੜ੍ਹ ਕੇ ਸੁਣਾਇਆ ਤੇ ਕਿਹਾ ਕਿ ਇਹ ਦੇਸ਼ਧ੍ਰੋਹ ਕਾਨੂੰਨ ਦੇ ਘੇਰੇ ਵਿੱਚ ਨਹੀਂ ਆਉਂਦੀਆਂ। ਜ਼ਮਾਨਤ ਅਰਜ਼ੀ ’ਤੇ ਅਗਲੀ ਸੁਣਵਾਈ 2 ਅਗਸਤ ਨੂੰ ਹੋਵੇਗੀ। -ਪੀਟੀਆਈ