ਸ਼ਿਮਲਾ, 2 ਅਗਸਤ
ਹਿਮਾਚਲ ਪ੍ਰਦੇਸ਼ ਤੋਂ ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਕਿਹਾ ਕਿ ਉਸ ਨੂੰ ਪਾਬੰਦੀਸ਼ੁਦਾ ਖਾਲਿਸਤਾਨੀ ਜਥੇਬੰਦੀ ਸਿੱਖਜ਼ ਫਾਰ ਜਸਟਿਸ (ਐੱਸਐੱਫਜੇ) ਦੇ ਮੈਂਬਰ ਗੁਰਪਤਵੰਤ ਸਿੰਘ ਪੰਨੂ ਨੇ ਧਮਕੀ ਦਿੱਤੀ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਸੂਬੇ ’ਚ ਕਿਸੇ ਨੂੰ ਵੀ ਕੌਮੀ ਝੰਡਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲੰਘੀ 30 ਜੁਲਾਈ ਨੂੰ ਵੀ ਸ਼ਿਮਲਾ ਆਧਾਰਿਤ ਪੱਤਰਕਾਰ ਨੂੰ ਰਿਕਾਰਡਿਡ ਫੋਨ ਕਾਲ ਆਈ ਸੀ ਜਿਸ ’ਚ ਬੋਲਣ ਵਾਲੇ ਨੇ ਖੁਦ ਨੂੰ ਐੱਸਐੱਫਜੇ ਦਾ ਜਨਰਲ ਕੌਂਸਲ ਪੰਨੂ ਦੱਸਦਿਆਂ ਧਮਕੀ ਦਿੱਤੀ ਸੀ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਕੌਮੀ ਝੰਡਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ। ਇਸ ਸਬੰਧੀ ਪੰਨੂ ਖ਼ਿਲਾਫ਼ ਦੇਸ਼ ਧਰੋਹ ਦਾ ਕੇਸ ਵੀ ਦਰਜ ਕਰ ਲਿਆ ਗਿਆ ਸੀ।
ਨਾਦੌਨ ਤੋਂ ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਜਦੋਂ ਉਹ ਰਾਜ ਵਿਧਾਨ ਸਭਾ ਦੇ ਬਾਹਰ ਸਨ ਤਾਂ ਉਨ੍ਹਾਂ ਨੂੰ ਇਹ ਫੋਨ ਆਇਆ। ਉਨ੍ਹਾਂ ਬਾਅਦ ਵਿੱਚ ਸਦਨ ਅੰਦਰ ਜਾ ਕੇ ਅਜਿਹੀ ਧਮਕੀ ਮਿਲਣ ਦਾ ਮੁੱਦਾ ਚੁੱਕਿਆ। ਹਿਮਾਚਲ ਪ੍ਰਦੇਸ਼ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਪੰਨੂ ਨੇ ਸੂਬੇ ਦੇ ਲੋਕਾਂ ਨੂੰ 15 ਅਗਸਤ ਮੌਕੇ ਘਰਾਂ ਅੰਦਰ ਹੀ ਰਹਿਣ ਲਈ ਕਿਹਾ ਹੈ। -ਪੀਟੀਆਈ