ਨਵੀਂ ਦਿੱਲੀ, 28 ਅਪਰੈਲ
ਕਰੋਨਾ ਵੈਕਸੀਨਾਂ ਦੀਆਂ ਵੱਖ ਵੱਖ ਕੀਮਤਾਂ ਨੂੰ ਲੈ ਕੇ ਹੋ ਰਹੀ ਨੁਕਤਾਚੀਨੀ ਦਰਮਿਆਨ ਪੁਣੇ ਅਧਾਰਿਤ ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਨੇ ਕਰੋਨਾ ਵੈਕਸੀਨ ‘ਕੋਵੀਸ਼ੀਲਡ’ ਦੀ ਕੀਮਤ 25 ਫੀਸਦ ਤੱਕ ਘਟਾਉਣ ਦਾ ਐਲਾਨ ਕੀਤਾ ਹੈ। ਸੀਰਮ ਨੇ ਕਿਹਾ ਕਿ ਰਾਜਾਂ ਨੂੰ ਇਸ ਟੀਕੇ ਦੀ ਪ੍ਰਤੀ ਡੋਜ਼ ਹੁਣ 400 ਰੁਪਏ ਦੀ ਥਾਂ 300 ਰੁਪਏ ਵਿੱਚ ਵੇਚੀ ਜਾਵੇਗੀ। ‘ਕੋਵੀਸ਼ੀਲਡ’ ਵੈਕਸੀਨ ਦੀ ਕੀਮਤ ਨਿਰਧਾਰਣ ਬਾਰੇ ਪਾਲਿਸੀ ਨੂੰ ਲੈ ਕੇ ਸੀਰਮ ਦੀ ਕਾਫ਼ੀ ਨੁਕਤਾਚੀਨੀ ਹੋਈ ਸੀ। ਸੀਰਮ ਨੇ ਕੇਂਦਰ ਸਰਕਾਰ ਨੂੰ ਕੋਵੀਸ਼ੀਲਡ ਦੀਆਂ ਸ਼ੁਰੂਆਤੀ ਖੁਰਾਕਾਂ 150 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਵੇਚੀਆਂ ਸਨ। ਚੇਤੇ ਰਹੇ ਕਿ ਸੁਪਰੀਮ ਕੋਰਟ ਨੇ ਕੋਵਿਡ-19 ਵੈਕਸੀਨਾਂ ਦੀ ਕੇਂਦਰ, ਰਾਜਾਂ ਤੇ ਨਿੱਜੀ ਹਸਪਤਾਲਾਂ ਲਈ ਵੱਖੋ ਵੱਖਰੀਆਂ ਕੀਮਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਫੈਸਲੇ ਪਿਛਲੇ ‘ਤਰਕ ਤੇ ਅਧਾਰ’ ਬਾਰੇ ਕੇਂਦਰ ਸਰਕਾਰ ਤੋਂ ਸਪਸ਼ਟੀਕਰਨ ਮੰਗਿਆ ਸੀ। ਭਾਰਤੀ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਇਕ ਟਵੀਟ ’ਚ ਕਿਹਾ, ‘ਸੀਆਈਆਈ ਨੇ ਪਿਆਰ ਤੇ ਸਨੇਹ ਦੀ ਸੈਨਤ ਵਜੋਂ ਰਾਜਾਂ ਨੂੰ ਵੇਚੀ ਜਾਣ ਵਾਲੀ ਕਰੋਨਾ ਵੈਕਸੀਨ ਦੀ ਪ੍ਰਤੀ ਖੁਰਾਕ ਦਾ ਭਾਅ 400 ਰੁਪਏ ਤੋਂ ਘਟਾ ਕੇ 300 ਰੁਪਏ ਕਰ ਦਿੱਤਾ ਹੈ। ਇਹ ਫੈਸਲਾ ਫੌਰੀ ਅਮਲ ਵਿੱਚ ਆ ਗਿਆ ਹੈ। ਤੇ ਇਸ ਨਾਲ ਸੂਬਾ ਸਰਕਾਰਾਂ ਦੇ ਹਜ਼ਾਰਾਂ ਕਰੋੜ ਰੁਪਏ ਬਚਣਗੇ। ਇਸ ਨਾਲ ਵਧੇਰੇ ਲੋਕਾਂ ਦਾ ਟੀਕਾਕਰਨ ਹੋਵੇਗਾ ਤੇ ਅਣਗਿਣਤ ਜ਼ਿੰਦਗੀਆਂ ਬਚਣਗੀਆਂ।’ ਕਈ ਸਿਆਸੀ ਪਾਰਟੀਆਂ ਨੇ ਵੀ ਵੈਕਸੀਨ ਦੀ ਕੀਮਤ ਘਟਾਉਣ ਦੀ ਅਪੀਲ ਕੀਤੀ ਸੀ। -ਪੀਟੀਆਈ
ਪੂਨਾਵਾਲਾ ਨੂੰ ਮਿਲੀ ‘ਵਾਈ’ ਸ਼੍ਰੇਣੀ ਦੀ ਸੁਰੱਖਿਆ
ਨਵੀਂ ਦਿੱਲੀ: ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਦੇ ਸੀਈਓ ਅਦਾਰ ਪੂਨਾਵਾਲਾ ਨੂੰ ਮਿਲ ਰਹੀਆਂ ‘ਧਮਕੀਆਂ’ ਦੇ ਮੱਦੇਨਜ਼ਰ ਨੀਮ ਫੌਜੀ ਬਲ ਸੀਆਰਪੀਐੱਫ ਵੱਲੋਂ ਕਾਰੋਬਾਰੀ ਨੂੰ ‘ਵਾਈ’ ਕੈਟਾਗਰੀ ਦੀ ਸੁਰੱਖਿਆ ਮਹੱਈਆ ਕਰਵਾਈ ਜਾਵੇਗੀ। ਪੂਨਾਵਾਲਾ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾਣ ‘ਵਾਈ’ ਸ਼੍ਰੇਣੀ ਤਹਿਤ ਮਿਲੀ ਸੁਰੱਖਿਆ ਢਾਲ ਉਨ੍ਹਾਂ ਦੇ ਨਾਲ ਰਹੇਗੀ। ਪੁਣੇ ਅਧਾਰਿਤ ਫਰਮ ਦੇ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਬਾਰੇ ਨਿਰਦੇਸ਼ਕ ਪ੍ਰਕਾਸ਼ ਕੁਮਾਰ ਸਿੰਘ ਨੇ 16 ਅਪਰੈਲ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੂਨਾਵਾਲਾ ਲਈ ਸੁਰੱਖਿਆ ਮੰਗੀ ਸੀ। -ਪੀਟੀਆਈ