ਕੋਲਕਾਤਾ, 5 ਨਵੰਬਰ
ਪੱਛਮੀ ਬੰਗਾਲ ਦੇ ਸਾਬਕਾ ਪੰਚਾਇਤ ਮੰਤਰੀ ਸੁਬਰਤਾ ਮੁਖਰਜੀ (75) ਦੇ ਆਖ਼ਰੀ ਦਰਸ਼ਨਾਂ ਲਈ ਅੱਜ ਇੱਥੇ ਰਾਬਿੰਦਰ ਸਦਨ ਵਿਚ ਵੱਡੀ ਗਿਣਤੀ ਸਿਆਸੀ ਆਗੂ ਇਕੱਠੇ ਹੋਏ। ਟੀਐਮਸੀ ਆਗੂ ਮੁਖਰਜੀ ਦੀ ਵੀਰਵਾਰ ਸ਼ਾਮ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੁਬਰਤਾ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਨਿੱਜੀ ਘਾਟਾ ਪਿਆ ਹੈ। ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਫਰਹਾਦ ਹਕੀਮ ਤੇ ਅਰੂਪ ਬਿਸਵਾਸ, ਕਾਂਗਰਸ ਦੇ ਅਬਦੁਲ ਮਨਨ ਤੇ ਪ੍ਰਦੀਪ ਭੱਟਾਚਾਰੀਆ, ਭਾਜਪਾ ਦੇ ਦਿਲੀਪ ਘੋਸ਼ ਤੇ ਰਾਹੁਲ ਸਿਨਹਾ ਨੇ ਮਰਹੂਮ ਆਗੂ ਨੂੰ ਸ਼ਰਧਾਂਜਲੀ ਦਿੱਤੀ। ਸੀਪੀਐਮ ਦੇ ਸੂਬਾ ਸਕੱਤਰ ਸੂਰਿਆ ਕਾਂਤ ਮਿਸ਼ਰਾ ਤੇ ਪਾਰਟੀ ਦੇ ਬੁਲਾਰੇ ਸੁਜਾਨ ਚਕਰਵਰਤੀ ਵੀ ਇਸ ਮੌਕੇ ਹਾਜ਼ਰ ਸਨ। ਭਾਜਪਾ ਦੇ ਉਪ ਪ੍ਰਧਾਨ ਘੋਸ਼ ਨੇ ਕਿਹਾ ਕਿ ਬੰਗਾਲ ਦੀ ਸਿਆਸਤ ਵਿਚ ਮੁਖਰਜੀ ਦੇ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਉਹ ਇੱਥੋਂ ਦੇ ਭੀਸ਼ਮ ਪਿਤਾਮਾ ਸਨ। ਉਦਯੋਗਪਤੀ ਸੰਜੀਵ ਗੋਇਨਕਾ ਨੇ ਵੀ ਇਸ ਮੌਕੇ ਸ਼ੋਕ ਸੁਨੇਹਾ ਭੇਜਿਆ। -ਪੀਟੀਆਈ