ਮੰਗਲੂਰੂ, 13 ਸਤੰਬਰ
ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਆਸਕਰ ਫਰਨਾਂਡੇਜ਼ (80) ਦਾ ਅੱਜ ਇਥੋਂ ਦੇ ਪ੍ਰਾਈਵੇਟ ਹਸਪਤਾਲ ’ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਸਮੇਤ ਹੋਰਾਂ ਨੇ ਅਫ਼ਸੋਸ ਪ੍ਰਗਟਾਇਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਸਕਰ ਦੀ ਪਤਨੀ ਬਲੌਜ਼ਮ ਫਰਨਾਂਡੇਜ਼ ਨੂੰ ਫੋਨ ਕਰਕੇ ਉਸ ਨਾਲ ਦੁੱਖ ਵੰਡਾਇਆ। ਉਨ੍ਹਾਂ ਬਲੌਜ਼ਮ ਨੂੰ ਕਿਹਾ ਕਿ ਉਹ ਹੰਝੂ ਵਹਾਉਣ ਦੀ ਥਾਂ ’ਤੇ ਆਸਕਰ ਨਾਲ ਗੁਜ਼ਾਰੇ ਖੂਬਸੂਰਤ ਪਲਾਂ ਨੂੰ ਚੇਤੇ ਕਰਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਆਸਕਰ ਫਰਨਾਂਡੇਜ਼ ਦੇ ਦੇਹਾਂਤ ਨਾਲ ਉਸ ਨੂੰ ਨਿੱਜੀ ਘਾਟਾ ਪਿਆ ਹੈ।
‘ਉਹ ਕਾਂਗਰਸ ਪਾਰਟੀ ’ਚ ਸਾਡੇ ਕਈਆਂ ਦੇ ਮਾਰਗ ਦਰਸ਼ਕ ਰਹੇ। ਫਰਨਾਂਡੇਜ਼ ਜੀ ਦੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।’ ਸ੍ਰੀ ਫਰਨਾਂਡੇਜ਼ ਨੂੰ ਜੁਲਾਈ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਜਦੋਂ ਉਹ ਘਰ ’ਚ ਯੋਗ ਕਰਦਿਆਂ ਡਿੱਗ ਪਏ ਸਨ ਅਤੇ ਬੇਹੋਸ਼ ਹੋ ਗਏ ਸਨ। ਉਨ੍ਹਾਂ ਦੇ ਸਿਰ ’ਚ ਖੂਨ ਦਾ ਥੱਕਾ ਜੰਮ ਗਿਆ ਸੀ ਅਤੇ ਡਾਕਟਰਾਂ ਨੇ ਸਿਰ ਦਾ ਅਪਰੇਸ਼ਨ ਕੀਤਾ ਸੀ। ਗਾਂਧੀ ਪਰਿਵਾਰ ਦੇ ਨੇੜਲਿਆਂ ’ਚ ਸਮਝੇ ਜਾਂਦੇ ਫਰਨਾਂਡੇਜ਼ ਆਪਣੇ ਸਿਆਸੀ ਜੀਵਨ ਦੌਰਾਨ ਕਾਂਗਰਸ ਦੇ ਅਨੁਸ਼ਾਸਿਤ ਵਰਕਰ ਰਹੇ। ਸ੍ਰੀ ਫਰਨਾਂਡੇਜ਼ ਨੇ ਸਭ ਤੋਂ ਪਹਿਲਾਂ 1972 ’ਚ ਉਡੁਪੀ ਨਗਰ ਨਿਗਮ ਦੀ ਚੋਣ ਲੜੀ ਸੀ। ਆਪਣੇ ਪੰਜ ਦਹਾਕੇ ਲੰਬੇ ਸਿਆਸੀ ਸਫ਼ਰ ਦੌਰਾਨ ਫਰਨਾਂਡੇਜ਼ ਨੇ ਉਡੁਪੀ ਲੋਕ ਸਭਾ ਹਲਕੇ ਦੀ ਪੰਜ ਵਾਰ ਨੁਮਾਇੰਦਗੀ ਕੀਤੀ ਅਤੇ ਉਹ ਚਾਰ ਵਾਰ ਰਾਜ ਸਭਾ ਦੇ ਮੈਂਬਰ ਵੀ ਚੁਣੇ ਗਏ ਸਨ। ਉਹ 2006 ਤੋਂ 2009 ਤੱਕ ਕਿਰਤ ਅਤੇ ਰੁਜ਼ਗਾਰ ਮੰਤਰੀ ਰਹੇ। -ਪੀਟੀਆਈ