ਨਵੀਂ ਦਿੱਲੀ, 27 ਜੁਲਾਈ
ਆਲੋਚਨਾ ਤੋਂ ਬਾਅਦ ਰੇਲਵੇ ਸੀਨੀਅਰ ਸਿਟੀਜ਼ਨਾਂ ਨੂੰ ਰੇਲ ਕਿਰਾਏ ਵਿੱਚ ਮਿਲਦੀ ਛੋਟ ਮੁੜ ਸ਼ੁਰੂ ਕਰਨ ’ਤੇ ਵਿਚਾਰ ਕਰ ਰਿਹਾ ਹੈ ਤੇ ਇਹ ਸਿਰਫ ਜਨਰਲ ਅਤੇ ਸਲੀਪਰ ਵਰਗ ਵਿੱਚ ਹੋ ਸਕਦੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਵੀ ਹੋ ਸਕਦਾ ਹੈ ਕਿ ਉਮਰ ਸੀਮਾ ਵਿੱਚ ਬਦਲਾਅ ਕਰ ਦਿੱਤਾ ਜਾਵੇ ਜਾਂ ਰਿਆਇਤੀ ਕਿਰਾਏ ਦੀ ਸਹੂਲਤ 70 ਵਰ੍ਹਿਆਂ ਤੋਂ ਵਧ ਉਮਰ ਦੇ ਲੋਕਾਂ ਨੂੰ ਹੀ ਦਿੱਤੀ ਜਾਵੇ। ਪਹਿਲਾਂ ਇਹ ਰਿਆਇਤ ਸਿਰਫ 58 ਸਾਲ ਤੋਂ ਵਧ ਉਮਰ ਦੀਆਂ ਔਰਤਾਂ ਅਤੇ 60 ਸਾਲ ਤੋਂ ਵਧ ਉਮਰ ਦੇ ਪੁਰਸ਼ਾਂ ਨੂੰ ਮਿਲਦੀ ਸੀ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਿਆਇਤਾਂ ਦਾ ਸੀਨੀਅਰ ਸਿਟੀਜ਼ਨਾਂ ਨੂੰ ਲਾਭ ਹੁੰਦਾ ਸੀ ਅਤੇ ਉਨ੍ਹਾਂ ਕਦੇ ਇਹ ਨਹੀਂ ਕਿਹਾ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਰਹੇ ਹਨ। ਰੇਲਵੇ ਇਸ ਦੀ ਸਮੀਖਿਆ ਕਰ ਰਿਹਾ ਹੈ ਅਤੇ ਇਸ ’ਤੇ ਫੈਸਲਾ ਲਿਆ ਜਾਵੇਗਾ। ਸਾਲ 2020 ਵਿੱਚ ਕਰੋਨਾ ਮਹਾਮਾਰੀ ਦੌਰਾਨ ਰੇਲਵੇ ਨੇ ਰਿਆਇਤ ਨੂੰ ਵਾਪਸ ਲੈ ਲਿਆ ਸੀ। ਜਾਣਕਾਰੀ ਅਨੁਸਾਰ ਰੇਲਵੇ ਇਹ ਰਿਆਇਤ ਸਿਰਫ ਗੈਰ ਏਅਰਕੰਡੀਸ਼ਨਡ ਵਰਗ ਦੀ ਯਾਤਰਾ ਤਕ ਸੀਮਤ ਕਰਨ ਤੇ ਸਭਨਾਂ ਗੱਡੀਆਂ ਵਿੱਚ ਪ੍ਰੀਮੀਅਮ ਤਤਕਾਲ ਯੋਜਨਾ ਸ਼ੁਰੂ ਕਰਨ ’ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਨਾਲ ਮਾਲੀਆ ਵਧੇਗਾ ਤੇ ਰਿਆਇਤਾਂ ਤੋਂ ਹੋਣ ਵਾਲਾ ਘਾਟਾ ਪੂਰਨ ਵਿੱਚ ਮਦਦ ਮਿਲੇਗੀ। -ਏਜੰਸੀ