ਲਖਨਊ, 29 ਜੁਲਾਈ
ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐੱਸਬੀਐੱਸਪੀ) ਦੇ ਪ੍ਰਧਾਨ ਤੇ ਸਾਬਕਾ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਔਰਤਾਂ ਨੂੰ ਕਿਹਾ ਕਿ ਉਹ ਉਨ੍ਹਾਂ ਤੋਂ ਵੋਟਾਂ ਮੰਗਣ ਲਈ ਆਉਣ ਵਾਲੇ ਭਾਜਪਾ ਆਗੂਆਂ ਦਾ ਕੁਟਾਪਾ ਚਾੜ੍ਹਨ। ਉਨ੍ਹਾਂ ਪਾਰਟੀ ਦੀ ਇੱਕ ਮੀਟਿੰਗ ਦੌਰਾਨ ਕਿਹਾ,‘ਬੀਜੇਪੀ ਵਾਲੇ ਵੋਟ ਮਾਂਗਨੇ ਦੋ ਪੈਰ ਪੇ ਆਏ, ਤੋ ਉਨਕੋ ਚਾਰ ਪੈਰ ਪੇ ਵਾਪਸ ਭੇਜੋ।’ ਆਪਣੇ ਬਿਆਨ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਮੌਕੇ ਕਿਹਾ,‘ਹਾਂ, ਮੈਂ ਇਸ ਹਫ਼ਤੇ ਵਾਰਾਨਸੀ ਮੀਟਿੰਗ ਮੌਕੇ ਮੌਜੂਦ ਔਰਤਾਂ ਨੂੰ ਕਿਹਾ ਸੀ ਕਿ ਜੇਕਰ ਭਾਜਪਾ ਆਗੂਆਂ ਨੇ ਉਨ੍ਹਾਂ ਲਈ 33 ਫ਼ੀਸਦੀ ਰਾਖਵਾਂਕਰਨ ਤੇ ਮਹਿੰਗਾਈ ’ਤੇ ਰੋਕ ਲਾਉਣ ਸਬੰਧੀ ਵਾਅਦੇ ਪੂਰੇ ਨਹੀਂ ਕੀਤੇ ਤੇ ਜੇਕਰ ਉਹ ਮੁੜ ਵੋਟਾਂ ਮੰਗਣ ਲਈ ਆਉਣ ਤਾਂ ਉਨ੍ਹਾਂ ਨੂੰ ਚਾਰ ਟੰਗਾਂ ’ਤੇ ਭੇਜਿਆ ਜਾਣਾ ਚਾਹੀਦਾ ਹੈ।’ ਉਨ੍ਹਾਂ ਕਿਹਾ,‘ਉਹ (ਭਾਜਪਾ ਆਗੂ) ਗਾਂਜੇ ਦਾ ਸੇਵਨ ਕਰਦੇ ਹਨ ਤੇ ਦਾਰੂ ਪੀਂਦੇ ਹਨ ਤੇ ਲੰਮੇ-ਲੰਮੇ ਵਾਅਦੇ ਕਰਨ ਲੱਗਦੇ ਹਨ। ਔਰਤਾਂ ਨੇ ਉਨ੍ਹਾਂ ਨੂੰ ਵੋਟ ਪਾਈ, ਪਰ ਉਹ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਫੇਲ੍ਹ ਹੋ ਗਏ, ਜਿਨ੍ਹਾਂ ਵਿੱਚ ਹਰ ਖਾਤੇ ਵਿੱਚ 15 ਲੱਖ ਰੁਪਏ ਪਾਉਣਾ ਵੀ ਸ਼ਾਮਲ ਹੈ। -ਆਈਏਐੱਨਐੱਸ