ਜੰਮੂ/ਸ੍ਰੀਨਗਰ, 3 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤਿੰਨ ਰੋਜ਼ਾ ਦੌਰੇ ਲਈ ਜੰਮੂ ਕਸ਼ਮੀਰ ਪਹੁੰਚ ਗਏ ਹਨ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ ਗਈ ਹੈ। ਸ਼ਾਹ ਨੇ ਇਸ ਦੌਰਾਨ ਜੰਮੂ ਦੇ ਸਿੱਖ ਭਾਈਚਾਰੇ, ਗੁੱਜਰ-ਬਕਰਵਾਲ, ਰਾਜਪੂਤ ਤੇ ਪਰਹਾਰੀ ਸਣੇ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ।
ਸ਼ਾਹ ਦਾ ਜੰਮੂ ਖੇਤਰ ਦੇ ਰਾਜੌਰੀ ਜ਼ਿਲ੍ਹੇ ਅਤੇ ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਵਿੱਚ ਕ੍ਰਮਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਦੋ ਰੈਲੀਆਂ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ ਪਿਛਲੇ ਹਫ਼ਤੇ ਦੋ ਵੱਡੇ ਅਤਿਵਾਦੀ ਹਮਲੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਬਹੁ-ਪਰਤੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਅਸਮਾਨ ਤੋਂ ਨਜ਼ਰ ਰੱਖਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਸ਼ਾਹ ਦਾ ਰਾਜੌਰੀ ਨਵਰਾਤਿਆਂ ਦੇ ਆਖ਼ਰੀ ਦਿਨ ਵੈਸ਼ਣੋ ਦੇਵੀ ਮੰਦਰ ਵਿੱਚ ਪੂਜਾ ਕਰਨ ਦਾ ਪ੍ਰੋਗਰਾਮ ਹੈ, ਜਿਸ ਦੇ ਮੱਦੇਨਜ਼ਰ ਪਵਿੱਤਰ ਸਥਾਨ ਕੱਟੜਾ ਵਿੱਚ ਵੀ ਸੁਰੱਖਿਆ ਵਧਾਈ ਗਈ ਹੈ। -ਪੀਟੀਆਈ