ਗਵਾਲੀਅਰ, 28 ਦਸੰਬਰ
ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਅੱਜ ਇੱਥੇ ਸਥਿਤ ਰਾਣੀ ਲਕਸ਼ਮੀ ਬਾਈ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਹਾਜ਼ਰ ਲੋਕਾਂ ਦਾ ਦਾਅਵਾ ਸੀ ਕਿ ਅਜਿਹਾ ਪਹਿਲੀ ਵਾਰ ਹੈ ਕਿ ਸਿੰਧੀਆ ਘਰਾਣੇ ’ਚੋਂ ਕਿਸੇ ਮੈਂਬਰ ਨੇ ਰਾਣੀ ਦੀ ਯਾਦਗਾਰ ’ਤੇ ਅਕੀਦਤ ਭੇਟ ਕੀਤੀ ਹੋਵੇ। ਹਾਲਾਂਕਿ ਸੀਨੀਅਰ ਕਾਂਗਰਸੀ ਆਗੂ ਤੇ ਮੱਧ ਪ੍ਰਦੇਸ਼ ਦੀ ਪਾਰਟੀ ਇਕਾਈ ਦੇ ਬੁਲਾਰੇ ਕੇ ਕੇ ਮਿਸ਼ਰਾ ਨੇ ਕਿਹਾ ਕਿ ਇਹ ਗੱਲ ਸਭ ਜਾਣਦੇ ਹਨ ਕਿ ਸਿੰਧੀਆ ਘਰਾਣੇ ਨੇ 1857 ਈਸਵੀ ਵਿੱਚ ਰਾਣੀ ਲਕਸ਼ਮੀ ਬਾਈ ਵੱਲੋਂ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਕੀਤੀ ਗਈ ਬਗ਼ਾਵਤ ’ਚ ਸਾਥ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ,‘1857 ਈਸਵੀ ਵਿੱਚ ਕੀਤੇ ਗਏ ਪਾਪ ਨੂੰ 2021 ਵਿੱਚ ਜਯੋਤਿਰਾਦਿੱਤਿਆ ਸਿੰਧੀਆ ਵੱਲੋਂ ਰਾਣੀ ਦੀ ਯਾਦਗਾਰ ਦਾ ਦੌਰਾ ਕਰ ਕੇ ਧੋਇਆ ਨਹੀਂ ਜਾ ਸਕਦਾ।’ ਦੂਜੇ ਪਾਸੇ, ਭਾਜਪਾ ਦਾ ਕਹਿਣਾ ਹੈ ਕਿ ਸਿੰਧੀਆ ਨੇ ਯਾਦਗਾਰ ਦਾ ਦੌਰਾ ਕਰ ਕੇ ਮੁਲਕ ਲਈ ਆਪਣੀਆਂ ਜਾਨਾਂ ਵਾਰਨ ਵਾਲਿਆਂ ਦੀ ਬਹਾਦਰੀ ਨੂੰ ਨਮਨ ਕੀਤਾ। -ਪੀਟੀਆਈ