ਨਵੀਂ ਦਿੱਲੀ, 23 ਸਤੰਬਰ
‘ਆਪ’ ਆਗੂ ਤੇ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੇ ਆਪਣੇ ਖ਼ਿਲਾਫ਼ ਚੱਲ ਰਹੀ ਅਦਾਲਤੀ ਸੁਣਵਾਈ ਨੂੰ ਕਿਸੇ ਹੋਰ ਜੱਜ ਕੋਲ ਤਬਦੀਲ ਕਰਨ ਖ਼ਿਲਾਫ਼ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਹੇਠਲੀ ਅਦਾਲਤ ਨੇ ਜੈਨ ਖ਼ਿਲਾਫ਼ ਚੱਲ ਰਹੀ ਮਨੀ ਲਾਂਡਰਿੰਗ ਕੇਸ ਦੀ ਸੁਣਵਾਈ ਨੂੰ ਹੋਰ ਜੱਜ ਕੋਲ ਤਬਦੀਲ ਕਰਨ ਦੇ ਹੁਕਮ ਦਿੱਤੇ ਸਨ। ਇਹ ਹੁਕਮ ਵੀ ਅੱਜ ਹੀ ਹੋਏ ਸਨ। ਜੈਨ ਨੇ ਹਾਈ ਕੋਰਟ ਤੋਂ ਆਪਣੀ ਅਰਜ਼ੀ ’ਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਸੀ। ਹਾਲਾਂਕਿ ਅਦਾਲਤ ਨੇ ਇਸ ਨੂੰ ਸੋਮਵਾਰ ਲਈ ਸੂਚੀਬੱਧ ਕੀਤਾ ਹੈ। ਜੈਨ ਦੇ ਵਕੀਲ ਨੇ ਕਿਹਾ ਕਿ ਕੇਸ ਟਰਾਂਸਫਰ ਕਰਨਾ ਗੈਰਕਾਨੂੰਨੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਈਡੀ ਨੇ ਅਰਜ਼ੀ ਦਾਇਰ ਕਰ ਕੇ ਹੇਠਲੀ ਅਦਾਲਤ ਤੋਂ ਕੇਸ ਟਰਾਂਸਫਰ ਕਰਨ ਦੀ ਮੰਗ ਕੀਤੀ ਸੀ। ਇਸ ਕੇਸ ਨੂੰ ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਵੱਲੋਂ ਸੁਣਿਆ ਜਾ ਰਿਹਾ ਸੀ। ਜਦਕਿ ਹੁਣ ਜ਼ਿਲ੍ਹਾ ਤੇ ਸੈਸ਼ਨਸ ਜੱਜ ਨੇ ਕੇਸ ਵਿਸ਼ੇਸ਼ ਜੱਜ ਵਿਕਾਸ ਢੁੱਲ ਕੋਲ ਸੁਣਵਾਈ ਲਈ ਭੇਜਿਆ ਹੈ। -ਪੀਟੀਆਈ