ਨਵੀਂ ਦਿੱਲੀ, 15 ਦਸੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਨੇਤਾਵਾਂ ਨੇ ਬੁੱਧਵਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਰਾਹੁਲ ਗਾਂਧੀ ਨੇ ਫੇਸਬੁੱਕ ਪੋਸਟ ‘ਚ ਕਿਹਾ, ‘‘ਸਰਦਾਰ ਪਟੇਲ ਨੂੰ ਉਨ੍ਹਾਂ ਦੀ ਬਰਸੀ ’ਤੇ ਮੇਰੀ ਸ਼ਰਧਾਂਜਲੀ। ਉਨ੍ਹਾਂ ਵਰਗੇ ਰਾਸ਼ਟਰ ਨਿਰਮਾਤਾਵਾਂ ਨੇ ਇਸ ਸੁੰਦਰ ਦੇਸ਼ ਨੂੰ ਬਣਾਇਆ ਹੈ। ਭਾਰਤ ਦੀ ਇਸ ਭਾਵਨਾ ਨੂੰ ਸੰਭਾਲਣ ਲਈ ਸਾਨੂੰ ਇਕਜੁੱਟ ਹੋਣਾ ਪਵੇਗਾ।’’ ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਸਰਦਾਰ ਪਟੇਲ ਨੂੰ ਯਾਦ ਕੀਤਾ। ਉਨ੍ਹਾਂ ਕਿਹਾ, ‘‘ਸਰਦਾਰ ਪਟੇਲ ਏਕਤਾ ਦੇ ਮਹੱਤਵ ਨੂੰ ਸਮਝਦੇ ਸਨ। ਜਦੋਂ ਏਕੀਕਰਨ ਦੀ ਗੱਲ ਆਈ, ਤਾਂ ਉਨ੍ਹਾਂ ਨਿਮਰਤਾ ਨਾਲ, ਸਖਤੀ ਨਾਲ, ਸੰਜਮ ਨਾਲ, ਹਰ ਉਹ ਫੈਸਲਾ ਲਿਆ ਜੋ ਦੇਸ਼ ਨੂੰ ਇਕਜੁੱਟ ਕਰ ਸਕਦਾ ਸੀ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਰਦਾਰ ਪਟੇਲ ਦੇ ਸੁਪਨੇ ਨੂੰ ਟੁੱਟਣ ਨਾ ਦੇਈਏ।’’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘‘ਮਹਾਤਮਾ ਗਾਂਧੀ ਦੇ ਸਿਧਾਂਤਾਂ ਦੇ ਕੱਟੜ ਪੈਰੋਕਾਰ ਸਰਦਾਰ ਵੱਲਭ ਭਾਈ ਪਟੇਲ ਨੇ ਆਜ਼ਾਦੀ ਤੋਂ ਬਾਅਦ ਭਾਰਤ ਦੇ ਏਕੀਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ।’’ -ਪੀਟੀਆਈ