ਨਵੀਂ ਦਿੱਲੀ: ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਸਮਾਜ ਨੂੰ ਜਾਗਰੂਕ ਕਰਨ ਅਤੇ ਜੋੜਨ ਲਈ ਕੰਮ ਕਰ ਰਹੀ ਹੈ ਤਾਂ ਜੋ ਭਾਰਤ ਪੂਰੀ ਦੁਨੀਆ ਲਈ ‘ਆਦਰਸ਼ ਸਮਾਜ’ ਵਜੋਂ ਉਭਰ ਸਕੇ। ਭਾਗਵਤ ਨੇ ਕਿਹਾ ਕਿ ਲੋਕਾਂ ਨੂੰ ਵਿਅਕਤੀਗਤ ਤੌਰ ’ਤੇ ਨਹੀਂ ਸਗੋਂ ਸਮਾਜ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਉਹ ਆਰਐੱਸਐੱਸ ਦੀ ਦਿੱਲੀ ਇਕਾਈ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸੰਘ ਮੁਖੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ’ਚ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਕਈ ਹਸਤੀਆਂ ਨੇ ਆਪਣਾ ਯੋਗਦਾਨ ਪਾਇਆ ਅਤੇ ਸ਼ਹਾਦਤ ਦਿੱਤੀ ਪਰ ਇਕ ਸਮਾਜ ਵਜੋਂ ਵਧਣ-ਫੁਲਣ ’ਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀਆਂ ਦੇ ਸੁਭਾਅ ਤੇ ਡੀਐੱਨਏ ’ਚ ਹੈ ਕਿ ਉਹ ਵਿਅਕਤੀਗਤ ਨਹੀਂ ਸਗੋਂ ਸਮਾਜ ਵਜੋਂ ਸੋਚਦੇ ਹਨ ਅਤੇ ਲੋਕਾਂ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ। ਸਮਾਜ ਭਲਾਈ ਦੇ ਕੰਮਾਂ ਬਾਰੇ ਬੋਲਦਿਆਂ ਭਾਗਵਤ ਨੇ ਸੰਘ ਵਰਕਰਾਂ ਨੂੰ ਕਿਹਾ ਕਿ ਉਹ ਆਪਣੇ ਹਿੱਤਾਂ ਨੂੰ ਪਾਸੇ ਰੱਖ ਕੇ ਸਮਾਜ ਲਈ ਕੰਮ ਕਰਨ। -ਪੀਟੀਆਈ