ਮੁੰਬਈ, 1 ਨਵੰਬਰ
ਮੁੰਬਈ ਪੁਲੀਸ ਵੱਲੋਂ ਬੌਲੀਵੁੱਡ ਸਟਾਰ ਸਲਮਾਨ ਖਾਨ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਵੇਗੀ। ਅਦਾਕਾਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੇ ਧਮਕੀ ਵਾਲੇ ਪੱਤਰ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਸਲਮਾਨ ਨੇ ਸਵੈ-ਸੁਰੱਖਿਆ ਲਈ ਹਥਿਆਰ ਦੇ ਲਾਇਸੈਂਸ ਲਈ ਵੀ ਅਰਜ਼ੀ ਦਿੱਤੀ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਖ਼ਾਨ ਅਤੇ ਉਸ ਦੇ ਪਿਤਾ ਸਲੀਮ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਸਲੀਮ ਦੀ ਸੁਰੱਖਿਆ ਟੀਮ ਨੂੰ ਮੁੰਬਈ ਸਥਿਤ ਘਰ ਦੇ ਬਾਹਰ ਬਾਂਦਰਾ ਬੈਂਡਸਟੈਂਡ ਨੇੜੇ ਧਮਕੀ ਵਾਲਾ ਪੱਤਰ ਮਿਲਿਆ ਸੀ, ਜਿੱਥੇ ਉਹ ਰੋਜ਼ਾਨਾ ਸਵੇਰੇ ਸੈਰ ਲਈ ਲਈ ਜਾਂਦੇ ਹਨ। ਪੱਤਰ ਮਿਲਣ ਮਗਰੋਂ ਸਲਮਾਨ ਨੇ ਮੁੰਬਈ ਪੁਲੀਸ ਨੂੰ ਅਰਜ਼ੀ ਦੇ ਕੇ ਸਵੈ-ਸੁਰੱਖਿਆ ਲਈ ਹਥਿਆਰ ਦਾ ਲਾਇਸੈਂਸ ਜਾਰੀ ਕਰਨ ਦੀ ਮੰਗ ਕੀਤੀ ਸੀ। ਮਹਾਰਾਸ਼ਟਰ ਗ੍ਰਹਿ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ, ਬਿਸ਼ਨੋਈ ਗੈਂਗ ਨੇ ਆਪਣੀ ਤਾਕਤ ਦਾ ਵਿਖਾਵਾ ਕਰਨ ਲਈ ਸਲਮਾਨ ਖਾਨ ਅਤੇ ਉਸ ਦੇ ਪਿਤਾ ਨੂੰ ਧਮਕੀ ਦਿੱਤੀ ਸੀ। ਇਸ ਘਟਨਾ ਮਗਰੋਂ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਨੇ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਹੈ। -ਏਐੱਨਆਈ