ਕੋਲਕਾਤਾ, 2 ਮਾਰਚ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦੇ 10 ਮਹੀਨਿਆਂ ਬਾਅਦ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਅੱਜ ਰਾਜ ਦੀਆਂ 107 ਨਗਰ ਪਾਲਿਕਾਵਾਂ ਵਿੱਚੋਂ 93 ਵਿੱਚ ਜਿੱਤ ਹਾਸਲ ਕੀਤੀ, ਜਿਸ ਨਾਲ ਸਥਾਨਕ ਸਰਕਾਰਾਂ ਵਾਲੀਆਂ ਸੰਸਥਾਵਾਂ ਵਿੱਚ ਵੀ ਵਿਰੋਧੀ ਧਿਰ ਦਾ ਸਫ਼ਾਇਆ ਹੋ ਗਿਆ। ਰਾਜ ਚੋਣ ਕਮਿਸ਼ਨ (ਐੱਸਈਸੀ) ਦੇ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਨੰਦੀਗ੍ਰਾਮ ਦੇ ਵਿਧਾਇਕ ਸ਼ੁਭੇਂਦੂ ਅਧਿਕਾਰੀ ਦਾ ‘ਗੜ੍ਹ’ ਮੰਨੀ ਜਾਂਦੀ ਕਾਂਥੀ ਨਗਰ ਪਾਲਿਕਾ ‘ਚ ਤ੍ਰਿਣਮੂਲ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ, ਜਦੋਂ ਕਿ ਉੱਤਰੀ ਬੰਗਾਲ ਦੀਆਂ ਪਹਾੜੀਆਂ ਦੀ ਰਾਜਨੀਤੀ ਵਿੱਚ ਨਵੀਂ ਆਈ ‘ਹਮਰੋ ਪਾਰਟੀ’ ਨੇ ਤ੍ਰਿਣਮੂਲ ਕਾਂਗਰਸ, ਗੋਰਖਾ ਜਨਮੁਕਤੀ ਮੋਰਚਾ ਅਤੇ ਭਾਜਪਾ ਨੂੰ ਹਰਾ ਕੇ ਦਾਰਜੀਲਿੰਗ ਨਗਰ ਪਾਲਿਕਾ ‘ਤੇ ਕਬਜ਼ਾ ਕਰ ਲਿਆ ਹੈ। ਸੀਪੀਆਈ (ਐੱਮ) ਦੀ ਅਗਵਾਈ ਵਾਲੇ ਖੱਬੇ ਮੋਰਚੇ ਨੇ ਨਾਦੀਆ ਜ਼ਿਲ੍ਹੇ ਵਿੱਚ ਤਾਹਿਰਪੁਰ ਨਗਰਪਾਲਿਕਾ ਵਿੱਚ ਜਿੱਤ ਹਾਸਲ ਕੀਤੀ ਹੈ। ਭਾਜਪਾ ਅਤੇ ਕਾਂਗਰਸ ਨੇ ਹੁਣ ਤੱਕ ਕੋਈ ਵੀ ਨਗਰ ਨਿਗਮ ਨਹੀਂ ਜਿੱਤਿਆ ਪਰ ਇਹ ਪਾਰਟੀਆਂ ਕੁਝ ਸ਼ਹਿਰਾਂ ਦੇ ਕੁਝ ਵਾਰਡਾਂ ਵਿੱਚ ਅੱਗੇ ਚੱਲ ਰਹੀਆਂ ਹਨ।