ਨਵੀਂ ਦਿੱਲੀ, 28 ਮਈ
ਦਿੱਲੀ ਹਾਈ ਕੋਰਟ ਨੇ ਆਮਦਨ ਕਰ ਵਿਭਾਗ ਵੱਲੋਂ ਜਾਰੀ ਨੋਟਿਸ ਦਾ ਜਵਾਬ ਦੇਣ ਲਈ ਕਾਰੋਬਾਰੀ ਰੌਬਰਟ ਵਾਡਰਾ ਨੂੰ ਅੱਜ ਤਿੰਨ ਹੋਰ ਹਫ਼ਤਿਆਂ ਦਾ ਸਮਾਂ ਦੇ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਆਮਦਨ ਕਰ ਵਿਭਾਗ ਆਪਣੀ ਕਾਰਵਾਈ ਜਾਰੀ ਰੱਖ ਸਕਦਾ ਹੈ ਪਰ ਉਸ ਵੱਲੋਂ ਕੋਈ ਆਖਰੀ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ। ਆਮਦਨ ਕਰ ਵਿਭਾਗ ਨੇ ਵਾਡਰਾ ਨੂੰ ਕਾਲਾ ਧਨ ਕਾਨੂੰਨ ਤਹਿਤ ਨੋਟਿਸ ਜਾਰੀ ਕੀਤੇ ਹਨ। ਜਸਟਿਸ ਰਾਜੀਵ ਸ਼ਕਧਰ ਤੇ ਜਸਟਿਸ ਤਲਵੰਤ ਸਿੰਘ ਦੇ ਬੈਂਚ ਨੇ ਆਮਦਨ ਕਰ ਵਿਭਾਗ ਨੂੰ ਨੋਟਿਸ ਜਾਰੀ ਕਰਕੇ ਵਾਡਰਾ ਦੀ ਅਪੀਲ ’ਤੇ ਚਾਰ ਹਫ਼ਤਿਆਂ ਅੰਦਰ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਵਾਡਰਾ ਨੇ ਆਈਟੀ ਵਿਭਾਗ ਵੱਲੋਂ ਕਾਲਾ ਧਨ ਕਾਨੂੰਨ ਤਹਿਤ ਚਾਰ ਦਸੰਬਰ 2018 ਤੇ 18 ਦਸੰਬਰ 2019 ਨੂੰ ਜਾਰੀ ਕੀਤੇ ਨੋਟਿਸਾਂ ਨੂੰ ਚੁਣੌਤੀ ਦਿੱਤੀ ਹੈ। ਅਦਾਲਤ ਇਸ ਮਾਮਲੇ ’ਤੇ ਅਗਲੀ ਸੁਣਵਾਈ 10 ਅਗਸਤ ਨੂੰ ਕਰੇਗੀ। -ਪੀਟੀਆਈ