ਪਟਨਾ, 26 ਅਗਸਤ
ਰਾਸ਼ਟਰੀ ਜਨਤਾ ਦਲ ਦੇ ਤਜਰਬੇਕਾਰ ਆਗੂ ਅਵਧ ਬਿਹਾਰੀ ਚੌਧਰੀ ਨੂੰ ਅੱਜ ਸਰਬਸੰਮਤੀ ਨਾਲ ਬਿਹਾਰ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਹੈ। ਭਾਜਪਾ ਵਿਧਾਇਕ ਵਿਜੈ ਕੁਮਾਰ ਸਿਨਹਾ ਦੇ ਅਸਤੀਫ਼ੇ ਕਰਕੇ ਸਪੀਕਰ ਦਾ ਅਹੁਦਾ ਖਾਲੀ ਹੋਇਆ ਸੀ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ‘ਮਹਾਗਠਬੰਧਨ’ ਸਰਕਾਰ ਨੇ ਸੱਤਾ ਵਿੱਚ ਆਉਣ ’ਤੇ ਸਿਨਹਾ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਅਸਤੀਫ਼ੇ ਮਗਰੋਂ ਸਿਨਹਾ ਹੁਣ ਅਸੈਂਬਲੀ ’ਚ ਵਿਰੋਧੀ ਧਿਰ ਦੇ ਆਗੂ ਬਣ ਗਏ ਹਨ। ਉਧਰ ਭਾਜਪਾ ਨੇ ਸਦਾਚਾਰ ਕਮੇਟੀ ਦੀ ਰਿਪੋਰਟ ਸਦਨ ਦੀ ‘ਕੰਮਕਾਜੀ ਸੂਚੀ’ ਵਿੱਚੋਂ ਬਾਹਰ ਰੱਖਣ ਨੂੰ ਲੈ ਕੇ ਸਦਨ ’ਚ ਹੰਗਾਮਾ ਕੀਤਾ।
ਚੌਧਰੀ ਦੀ ਸਪੀਕਰ ਵਜੋਂ ਚੋਣ ਮਗਰੋਂ ਖੁ਼ਦ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਵਿਰੋਧੀ ਧਿਰ ਦੇ ਆਗੂ ਸਿਨਹਾ ਉਨ੍ਹਾਂ ਨੂੰ ਸਪੀਕਰ ਦੇ ਆਸਣ ਤੱਕ ਲੈ ਕੇ ਗਏ। ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਸਦਨ ਵਿੱਚ ਬੋਲਦਿਆਂ ਚੌਧਰੀ, ਜੋ ਸਿਵਾਨ ਤੋਂ ਵਿਧਾਇਕ ਹਨ, ਨੂੰ ਸਪੀਕਰ ਚੁਣੇ ਜਾਣ ’ਤੇ ਵਧਾਈ ਦਿੱਤੀ। ਉਧਰ ਵਿਜੈ ਕੁਮਾਰ ਸਿਨਹਾ ਨੇ ਚੌਧਰੀ ਨੂੰ ਸਪੀਕਰ ਚੁਣੇ ਜਾਣ ਲਈ ਵਧਾਈ ਦਿੰਦਿਆਂ ਕੀਤੀ ਤਕਰੀਰ ਵਿੱਚ ਸਦਾਚਾਰ ਕਮੇਟੀ ਦੀ ਰਿਪੋਰਟ ਦਾ ਮੁੱਦਾ ਚੁੱਕਿਆ। ਹਾਲਾਂਕਿ ਸਪੀਕਰ ਨੇ ਉਨ੍ਹਾਂ ਨੂੰ ਦਿਨ ਦੇ ਏਜੰਡੇ ਵੱਲ ਧਿਆਨ ਕੇਂਦਰਿਤ ਕਰਨ ਲਈ ਆਖ ਦਿੱਤਾ। ਇਹ ਰਿਪੋਰਟ ਆਰਜੇਡੀ, ਜੋ ਉਦੋਂ ਵਿਰੋਧੀ ਧਿਰ ਵਿੱਚ ਸੀ, ਦੇ ਕਈ ਵਿਧਾਇਕਾਂ ਦੇ ਵਤੀਰੇ ਬਾਰੇ ਸੀ। ਆਰਜੇਡੀ ਵਿਧਾਇਕਾਂ ਨੇ ਪਿਛਲੇ ਸਾਲ ਮਾਰਚ ਵਿੱਚ ਸਪੀਕਰ ਨੂੰ ਉਨ੍ਹਾਂ ਦੇ ਚੈਂਬਰ ਵਿੱਚ ਕਈ ਘੰਟਿਆਂ ਤੱਕ ਬੰਦੀ ਬਣਾ ਕੇ ਰੱਖਿਆ ਸੀ ਤੇ ਇਹ ਰਿਪੋਰਟ ਉਸੇ ਬਾਰੇ ਸੀ। ਅਸੈਂਬਲੀ ਵਿੱਚ ਕੰਮਕਾਜੀ ਸੂਚੀ ਵਿੱਚੋਂ ਸਦਾਚਾਰ ਕਮੇਟੀ ਦੀ ਰਿਪੋਰਟ ਨੂੰ ਸ਼ਾਮਲ ਨਾ ਕੀਤੇ ਜਾਣ ਨੂੰ ਲੈ ਕੇ ਭਾਜਪਾ ਮੈਂਬਰਾਂ ਨੇ ਹੰਗਾਮਾ ਕੀਤਾ। ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸਦਨ ਵਿੱਚ ਦਾਖ਼ਲ ਹੋਏ ਭਾਜਪਾ ਮੈਂਬਰਾਂ ਨੇ ਰਿਪੋਰਟ ਅਸੈਂਬਲੀ ਵਿੱਚ ਰੱਖਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। -ਪੀਟੀਆਈ
ਵਿਧਾਨ ਸਭਾ ਦੇ ਦੋਵੇਂ ਸਦਨ ਅਣਮਿਥੇ ਸਮੇਂ ਲਈ ਮੁਲਤਵੀ
ਪਟਨਾ: ਬਿਹਾਰ ਅਸੈਂਬਲੀ ਦੇ ਦੋਵੇਂ ਸਦਨਾਂ (ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ) ਨੂੰ ਅੱਜ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਬਿਹਾਰ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਮਹਾਗੱਠਬੰਧਨ ਸਰਕਾਰ ਵੱਲੋਂ ਬਹੁਮਤ ਸਾਬਤ ਕਰਨ ਲਈ ਸੱਦਿਆ ਗਿਆ ਸੀ। ਇਜਲਾਸ ਦੇ ਆਖਰੀ ਦਿਨ ਅਸੈਂਬਲੀ ਸਪੀਕਰ ਦੀ ਚੋਣ ਵੀ ਹੋਈ। ਵਿਧਾਨ ਪ੍ਰੀਸ਼ਦ ਵਿੱਚ ਆਰਜੇਡੀ ਦੇ ਸਾਬਕਾ ਪ੍ਰਦੇਸ਼ ਇਕਾਈ ਪ੍ਰਧਾਨ ਰਾਮਚੰਦਰ ਪੁਰਬੇ ਨੂੰ ਉਪ ਚੇਅਰਮੈਨ ਚੁਣਿਆ ਗਿਆ। ਜੇਡੀਯੂ ਦੇ ਦੇਵੇਸ਼ ਚੰਦਰ ਠਾਕੁਰ ਨੂੰ ਲੰਘੇ ਦਿਨ ਉਪਰਲੇ ਸਦਨ (ਵਿਧਾਨ ਪ੍ਰੀਸ਼ਦ) ਦਾ ਚੇਅਰਮੈਨ ਚੁਣਿਆ ਗਿਆ ਸੀ। -ਪੀਟੀਆਈ