ਨਵੀਂ ਦਿੱਲੀ, 17 ਦਸੰਬਰ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਅੱਜ ਲੋਕ ਸਭਾ ਵਿੱਚ ਲਗਾਤਾਰ ਤੀਜੇ ਦਿਨ ਹੰਗਾਮਾ ਹੋਇਆ। ਵਿਰੋਧੀ ਧਿਰਾਂ ਲਖੀਮਪੁਰ ਖੀਰੀ ਹਿੰਸਾ ਕੇਸ ਦੇ ਹਵਾਲੇ ਨਾਲ ਮਿਸ਼ਰਾ ਨੂੰ ਕੇਂਦਰੀ ਕੈਬਨਿਟ ’ਚੋਂ ਲਾਂਭੇ ਕੀਤੇ ਜਾਣ ਦੀ ਆਪਣੀ ਮੰਗ ’ਤੇ ਅੜੀਆਂ ਰਹੀਆਂ। ਸੱਤਾਧਾਰੀ ਧਿਰ ਹਾਲਾਂਕਿ ਰੌਲੇ-ਰੱਪੇ ਦਰਮਿਆਨ ਹੀ ਦਿ ਨੈਸ਼ਨਲ ਐਂਟੀ ਡੋਪਿੰਗ ਬਿੱਲ, ਜੰਗਲੀ ਜੀਵ ਸੁੁਰੱਖਿਆ ਸੋਧ ਬਿੱਲ, ਦਿ ਚਾਰਟਰਡ ਅਕਾਊਂਟੈਂਟਸ, ਦਿ ਕੋਸਟ ਐਂਡ ਵਰਕ ਅਕਾਊਂਟੈਂਟਸ ਤੇ ਕੰਪਨੀ ਸਕਰੈਟਰੀਜ਼ (ਸੋਧ) ਬਿੱਲ 2021 ਨੂੰ ਸਦਨ ਵਿੱਚ ਪੇਸ਼ ਕਰਨ ’ਚ ਸਫ਼ਲ ਰਹੀ। ਇਹੀ ਨਹੀਂ ਸਰਕਾਰ ਨੇ ਰੌਲੇ-ਰੱਪੇ ਵਿੱਚ ਹੀ ਸਰੋਗੇਸੀ (ਰੈਗੂਲੇਸ਼ਨ) ਬਿੱਲ 2019 ਬਾਰੇ ਰਾਜ ਸਭਾ ਵੱਲੋਂ ਲਾਈਆਂ ਤਰਮੀਮਾਂ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਸਦਨ ਜੁੜਿਆ ਤਾਂ ਮਿਸ਼ਰਾ ਦੀ ਬਰਖਾਸਤਗੀ ’ਤੇ ਅੜੀਆਂ ਵਿਰੋਧੀ ਧਿਰਾਂ ਨੇ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕੀਤੀ। ਚੇਅਰ ਨੇ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਪਰਤਣ ਦੀ ਅਪੀਲ ਕੀਤੀ, ਪਰ ਹੱਥਾਂ ਵਿਚ ਤਖ਼ਤੀਆਂ ਲੈ ਕੇ ਨਾਅਰੇਬਾਜ਼ੀ ਕਰਦੇ ਰਹੇ। ਰੌਲਾ-ਰੱਪਾ ਪੈਂਦਾ ਵੇਖ ਸਪੀਕਰ ਨੇ ਸਦਨ ਦੀ ਕਾਰਵਾਈ ਨੂੰ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਸਦਨ ਮੁੜ ਜੁੜਿਆ ਤਾਂ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ, ਜਿਸ ਕਰਕੇ ਸਦਨ ਨੂੰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਬਾਅਦ ਦੁਪਹਿਰ ਜਦੋਂ ਸਦਨ ਮੁੜ ਜੁੜਿਆ ਤਾਂ ਸਦਨ ਦੀ ਚੇਅਰ ’ਤੇ ਬੈਠੇ ਰਾਜੇਂਦਰ ਅਗਰਵਾਲ ਨੇ ਰੌਲੇ ਰੱਪੇ ਦਰਮਿਆਨ ਹੀ ਸੱਤਾਧਾਰੀ ਧਿਰ ਨੂੰ ਸੂਚੀਬੰਦ ਬਿੱਲ ਸਦਨ ਦੀ ਮੇਜ਼ ’ਤੇ ਰੱਖਣ ਲਈ ਕਿਹਾ। ਇਸ ਮਗਰੋਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਖੇਡਾਂ ਵਿੱਚ ਐਂਟੀ-ਡੋਪਿੰਗ ਸਰਗਰਮੀਆਂ ’ਤੇ ਰੋਕ ਲਾਉਣ ਲਈ ਕੌਮੀ ਐਂਟੀ-ਡੋਪਿੰਗ ਬਿੱਲ ਜਦੋਂਕਿ ਵਾਤਾਵਰਨ, ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਵਾਈਲਡ ਲਾਈਫ ਸੁਰੱਖਿਆ ਸੋਧ ਬਿੱਲ 2021 ਪੇਸ਼ ਕੀਤੇ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਦਿ ਚਾਰਟਰਡ ਅਕਾਊਂਟੈਂਟਸ, ਦਿ ਕੌਸਟ ਤੇ ਵਰਕਸ ਅਕਾਊਂਟੈਂਟਸ ਤੇ ਕੰਪਨੀ ਸੈਕਰੈਟਰੀਜ਼ ਸੋਧ ਬਿਲ 2021 ਪੇਸ਼ ਕੀਤਾ। ਸਦਨ ਨੇ ਸਰੋਗੇਸੀ (ਰੈਗੂਲੇਸ਼ਨ) ਬਿੱਲ 2019 ਬਾਰੇ ਤਰਮੀਮਾਂ ਨੂੰ ਜ਼ੁੁਬਾਨੀ ਵੋਟ ਨਾਲ ਪਾਸ ਕਰ ਦਿੱਤਾ। -ਆਈਏਐੱਨਐੱਸ/ਪੀਟੀਆਈ